ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਮੈਸੇਜ ਵਾਇਰਲ ਹੋ ਰਿਹਾ ਹੈ। ਇਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਨੌਂ ਅੰਕਾਂ ਵਾਲੇ ਨੰਬਰ ਤੋਂ ਕਾਲ ਆਏ ਤਾਂ ਰਿਸੀਵ ਨਾ ਕਰੋ ਕਿਉਂਕਿ ਕਾਲ ਰਿਸੀਵ ਕਰਨ 'ਤੇ ਫੋਨ ਬਲਾਸਟ ਹੋ ਜਾਵੇਗਾ ਤੇ ਕਾਲ ਰਿਸੀਵ ਕਰਨ ਵਾਲੇ ਦੀ ਮੌਤ ਹੋ ਜਾਵੇਗੀ। ਤਹਾਨੂੰ ਦੱਸਦੇ ਹਾਂ ਕਿ ਇਸ ਦਾਅਵੇ ਦਾ ਸੱਚ ਕੀ ਹੈ?
ਕੀ ਹੈ ਵੀਡੀਓ ਵਿਚ:
ਸੋਸ਼ਲ ਮੀਡੀਆ 'ਤੇ ਵਾਇਰਲ 32 ਸਕਿੰਟ ਦੇ ਵੀਡੀਓ ਦੀ ਸ਼ੁਰੂਆਤ 'ਚ ਫੋਨ ਦੀ ਰਿੰਗ ਵੱਜਦੀ ਹੈ। ਸਕਰੀਨ 'ਤੇ 777888999 ਲਿਖਿਆ ਹੈ, ਰਿਸੀਵ ਕਰਦਿਆਂ ਹੀ ਫੋਨ ਬਲਾਸਟ ਹੋ ਗਿਆ। ਅਗਲੇ ਪਲ ਹੀ ਇੱਕ ਵਿਅਕਤੀ ਜ਼ਖਮੀ ਹਾਲਤ 'ਚ ਹਸਪਤਾਲ 'ਚ ਸਟਰੈਚਰ 'ਤੇ ਪਿਆ ਦਿਖਾਈ ਦਿੰਦਾ ਹੈ। ਦਾਅਵਾ ਹੈ ਕਿ ਇਸ ਵਿਅਕਤੀ ਦੀ ਇਹ ਹਾਲਤ ਡੈੱਥ ਕਾਲ ਕਰਕੇ ਹੋਈ ਹੈ। ਉਹੀ ਡੈੱਥ ਕਾਲ ਜਿਸ 'ਚ ਸਿਰਫ 9 ਅੰਕ ਹਨ।
ਸੱਚ ਕੀ ਹੈ?
ਦਿੱਲੀ 'ਚ ਸਾਇਬਰ ਮਾਹਿਰ ਪਵਨ ਦੁੱਗਲ ਨੇ ਦੱਸਿਆ ਕਿ ਭਾਰਤ 'ਚ ਅਜੇ ਤੱਕ 9 ਅੰਕਾਂ ਵਾਲਾ ਮੋਬਾਈਲ ਨੰਬਰ ਨਹੀਂ ਆਇਆ। ਵਿਦੇਸ਼ਾਂ 'ਚ ਅਜਿਹੇ ਨੰਬਰ ਹਨ। ਜੇਕਰ ਵਿਦੇਸ਼ ਤੋਂ ਤਹਾਨੂੰ ਫੋਨ ਆਉਂਦਾ ਹੈ ਤਾਂ ਮੋਬਾਈਲ ਸਕਰੀਨ 'ਤੇ ਨੰਬਰ ਦੇ ਨਾਲ ਦੋ ਅੰਕਾਂ ਵਾਲਾ ਕੋਡ ਵੀ ਜ਼ਰੂਰ ਦਿਖਾਈ ਦੇਵੇਗਾ। ਜੇਕਰ ਪਾਕਿਸਤਾਨ ਤੋਂ ਫੋਨ ਆਵੇਗਾ ਤਾਂ ਅੱਗੇ +92 ਲਿਖਿਆ ਆਵੇਗਾ।
ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼- ਸਾਇਬਰ ਮਾਹਰ
ਸਾਇਬਰ ਮਾਹਿਰ ਪਵਨ ਦੁੱਗਲ ਨੇ ਇਸ ਮੈਸੇਜ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਭਾਵੇਂ ਤਕਨੀਕ ਵਿਕਸਤ ਹੋ ਰਹੀ ਹੈ ਪਰ ਅਜੇ ਵੀ ਅਜਿਹੀ ਤਕਨੀਕ ਵਿਕਸਤ ਨਹੀਂ ਹੋਈ ਜਿਸ ਨਾਲ ਇੱਕ ਨੰਬਰ ਤੋਂ ਦੂਜੇ ਨੰਬਰ 'ਤੇ ਫੋਨ ਕਰਕੇ ਬਲਾਸਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਮੈਸੇਜ ਪ੍ਹੜਦਿਆਂ ਹੀ ਡਿਲੀਟ ਕਰ ਦੇਣੇ ਚਾਹੀਦੇ ਹਨ। ਇੱਥੋਂ ਤੱਕ ਕਿ ਸ਼ੇਅਰ ਵੀ ਨਹੀਂ ਕਰਨੇ ਚਾਹੀਦੇ। ਕਈ ਵਾਰ ਅਜਿਹੇ ਮੈਸੇਜ ਸ਼ੇਅਰ ਕਰਨੇ ਭਾਰੀ ਪੈ ਸਕਦੇ ਹਨ।
'ਏਬੀਪੀ ਸਾਂਝਾ' ਦੀ ਅਪੀਲ ਹੈ ਕਿ ਅਜਿਹੀਆਂ ਫੇਕ ਖ਼ਬਰਾਂ ਤੋਂ ਸਵਾਧਾਨ ਰਹੋ। ਵਾਇਰਲ ਸੱਚ ਦੀ ਪੜਤਾਲ 'ਚ 9 ਅੰਕਾਂ ਵਾਲੇ ਡੈੱਥ ਕਾਲ ਦਾ ਦਾਅਵਾ ਝੂਠਾ ਸਾਬਤ ਹੋਇਆ ਹੈ।