ਨਵੀਂ ਦਿੱਲੀ: ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦਾਤੀ ਮਹਾਰਾਜ ਦਾ ਮਾਮਲਾ ਹੁਣ ਸੀਬੀਆਈ ਕੋਲ ਪਹੁੰਚ ਗਿਆ ਹੈ। ਦਿੱਲੀ ਹਾਈਕੋਰਟ ਨੇ ਬੁੱਧਵਾਰ ਮਾਮਲੇ ਦੀ ਜਾਂਚ ਦਾ ਜ਼ਿੰਮਾ ਸੀਬੀਆਈ ਨੂੰ ਸੌਂਪ ਦਿੱਤਾ ਹੈ। ਹੁਣ ਤੱਕ ਇਸ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਕਰ ਰਹੀ ਸੀ।
ਦਿੱਲੀ ਹਾਈਕੋਰਟ ਦੇ ਮੁੱਖ ਜੱਜ ਰਾਜੇਂਦਰ ਮੈਨਨ ਤੇ ਜਸਟਿਸ ਵੀ ਕਾਮੇਸ਼ਵਰ ਰਾਵ ਨੇ ਪੀੜਤਾ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਹਵਾਲੇ ਕੀਤੀ ਹੈ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਪੀੜਤ ਮਹਿਲਾ ਨੇ ਦਿੱਲੀ ਦੇ ਸ਼ਨੀਧਾਮ ਨਿਆਸ ਦੇ ਸੰਸਥਾਪਕ ਖਿਲਾਫ ਬਲਾਤਕਾਰ ਦੇ ਦੋਸ਼ ਲਾਉਂਦਿਆਂ ਮੁਕੱਦਮਾ ਦਰਜ ਕਰਵਾਇਆ ਸੀ।
ਦਿੱਲੀ ਪੁਲਿਸ ਨੇ ਇਕ ਅਕਤੂਬਰ ਨੂੰ ਦਾਤੀ ਮਹਾਰਾਜ ਤੇ ਹੋਰਾਂ ਖਿਲਾਫ ਦੋਸ਼-ਪੱਤਰ ਦਾਖਲ ਕੀਤਾ ਸੀ। ਅਦਾਲਤ ਨੇ ਕਿਹਾ ਕਿ ਸੀਬੀਆਈ ਪੂਰਨ ਦੋਸ਼-ਪੱਤਰ ਦਾਇਰ ਕਰ ਸਕਦੀ ਹੈ। ਅਦਾਲਤ ਨੇ ਏਜੰਸੀ ਨੂੰ ਤਿੰਨ ਹਫਤਿਆਂ ਅੰਦਰ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਵੇਗੀ।