ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਇਕ ਦਿਨ ਦੀ ਠਹਿਰਾ ਤੋਂ ਬਾਅਦ ਅੱਜ ਵੀ ਜਾਰੀ ਰਿਹਾ। ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 'ਚ 15 ਪੈਸੇ ਤੇ ਡੀਜ਼ਲ ਦੀ ਕੀਮਤ 'ਚ 20 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕੀਤਾ। ਵਾਧੇ ਤੋਂ ਬਾਅਦ ਦਿੱਲੀ 'ਚ ਪੈਟਰੋਲ ਦੀ 84 ਰੁਪਏ ਪ੍ਰਤੀ ਲੀਟਰ ਜਦਕਿ ਡੀਜ਼ਲ 75 ਰੁਪਏ 45 ਪੈਸੇ ਪ੍ਰਤੀ ਲੀਟਰ ਦੀ ਦਰ 'ਤੇ ਪਹੁੰਚ ਗਿਆ।
ਦੂਜੇ ਪਾਸੇ ਮੁੰਬਈ 'ਚ ਪੈਟਰੋਲ ਦੀਆਂ ਕੀਮਤਾਂ ਚ 14 ਪੈਸੇ ਤੇ ਡੀਜ਼ਲ 'ਚ 21 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ। ਵਧੀਆਂ ਕੀਮਤਾਂ ਤੋਂ ਬਾਅਦ ਪੈਟਰੋਲ 91 ਰੁਪਏ 34 ਪੈਸੇ ਤੇ ਡੀਜ਼ਲ 80 ਰੁਪਏ 10 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਪੰਜਾਬ 'ਚ ਵੀ ਤੇਲ ਦੀਆਂ ਵਧ ਰਹੀਆਂ ਕੀਮਤਾਂ ਦਾ ਪ੍ਰਭਾਵ ਹੈ। ਪਰ ਤਾਜ਼ਾ ਕੀਮਤਾਂ ਮੁਤਾਬਕ ਪੰਜਾਬ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅੱਜ ਸਥਿਰ ਰਹੀਆਂ। ਪੰਜਾਬ 'ਚ ਸਭ ਤੋਂ ਵੱਧ ਮਹਿੰਗਾ ਪੈਟਰੋਲ ਪਠਾਨਕੋਟ 'ਚ 90 ਰੁਪਏ 12 ਪੈਸੇ ਪ੍ਰਤੀ ਲੀਟਰ ਹੈ।
ਬਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ 'ਚ ਹੋ ਰਹੇ ਲਗਾਤਾਰ ਵਾਧੇ ਨਾਲ ਮਹਿੰਗਾਈ ਵਧਣ ਦੇ ਆਸਾਰ ਹਨ। ਕਿਉਂ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਸਮਾਨ ਦੀ ਢੋਅ ਢੁਆਈ ਤੋਂ ਲੈਕੇ ਯਾਤਰੀ ਕਿਰਾਇਆ 'ਚ ਵੀ ਆਉਣ ਵਾਲੇ ਦਿਨਾਂ 'ਚ ਵਾਧਾ ਹੋਣਾ ਤੈਅ ਹੈ।