Farmer Protest:  ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਲੋਕਾਂ ਨੂੰ ਹੱਥਾਂ ‘ਚ ਡੰਡੇ ਫੜੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਲੋਕ ਸਟੇਜ ‘ਤੇ ਚੜ ਕੇ ਬੈਨਰ ਪਾੜਦੇ ਹੋਏ ਅਤੇ ਕੁਰਸੀਆਂ ਸੁੱਟਦੇ ਨਜ਼ਰ ਆ ਰਹੇ ਹਨ। ਹੁਣ ਕੁਝ ਯੂਜ਼ਰਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਇੱਕ ਪ੍ਰੋਗਰਾਮ ਦਾ ਵੀਡੀਓ ਹੈ, ਜਿੱਥੇ ਕਿਸਾਨਾਂ ਨੇ ਪੰਡਾਲ ‘ਚ ਦਾਖਲ ਹੋ ਕੇ ਭੰਨਤੋੜ ਕੀਤੀ।


ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਦਾਅਵੇ ਨੂੰ ਫਰਜ਼ੀ ਪਾਇਆ। ਇਹ ਵੀਡੀਓ ਸਾਲ 2021 ਦਾ ਹੈ, ਜਦੋਂ ਕਿਸਾਨਾਂ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮਹਾਪੰਚਾਇਤ ਦਾ ਵਿਰੋਧ ਕੀਤਾ ਸੀ। ਉਸੀ ਵੀਡੀਓ ਨੂੰ ਕੁਝ ਲੋਕ ਹੁਣ ਸੀਐਮ ਨਾਇਬ ਸਿੰਘ ਸੈਣੀ ਦੇ ਪ੍ਰੋਗਰਾਮ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ। ਵੀਡੀਓ ਹਾਲੀਆ ਨਹੀਂ ਹੈ।


ਕੀ ਹੈ ਵਾਇਰਲ ਪੋਸਟ ਵਿੱਚ ?


ਫੇਸਬੁੱਕ ਯੂਜ਼ਰ ‘Er Sunil Kumar’ ਨੇ 12 ਮਈ 2024 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ, “#ਹਰਿਆਣਾ ਵਿੱਚ #ਭਾਜਪਾ ਨੂੰ 400 #ਸੀਟ ਦਿੰਦੇ ਹੋਏ #ਕਿਸਾਨ ਵੀਰ!”


ਵੀਡੀਓ ਦੇ ਉੱਪਰ ਲਿਖਿਆ ਹੈ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪੰਡਾਲ ਵਿੱਚ ਕਿਸਾਨਾਂ ਨੇ ਦਾਖਲ ਹੋ ਕੇ ਤਹਿਸ-ਨਹਿਸ ਕਰ ਦਿੱਤਾ। ਫੋਰਸ ਵੀ ਭੱਜ ਗਈ, ਬੀਜੇਪੀ ‘ਚ ਸੰਨਾਟਾ।


ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ-ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਵਾਇਰਲ ਵੀਡੀਓ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।




ਪੜਤਾਲ


ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਦੇ ਕੀ ਫਰੇਮਾਂ ਨੂੰ ਕੱਢਿਆ ਅਤੇ ਉਹਨਾਂ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਵੀਡੀਓ ਨਾਲ ਸਬੰਧਤ ਇੱਕ ਰਿਪੋਰਟ ਏਬੀਪੀ ਲਾਈਵ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲੀ। 11 ਜਨਵਰੀ 2021 ਨੂੰ ਅਪਲੋਡ ਕੀਤੀ ਗਈ ਵੀਡੀਓ ਰਿਪੋਰਟ ਵਿੱਚ ਦੱਸਿਆ ਗਿਆ ਹੈ, “ ਕਿਸਾਨਾਂ ਦੇ ਵਿਰੋਧ ਦੇ ਚਲਦੇ ਆਪਣੇ ਹੀ ਵਿਧਾਨ ਸਭਾ ਖੇਤਰ ਕਰਨਾਲ ਵਿੱਚ ਸਭਾ ਨਹੀਂ ਕਰ ਸਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੈਮਲਾ ਪਿੰਡ ਵਿੱਚ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣਾ ਸੀ। ਖੱਟਰ ਦੀ ਮਹਾਪੰਚਾਇਤ ਤੋਂ ਪਹਿਲਾਂ ਹੋਇਆ ਬਹੁਤ ਹੰਗਾਮਾ। ਕਿਸਾਨ ਅਤੇ ਪਿੰਡ ਵਾਸੀਆਂ ਨੇ ਕਾਲੇ ਝੰਡੇ ਦਿਖਾਏ,ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ,ਅੱਥਰੂ ਗੈਸ ਦੇ ਗੋਲੇ ਛੱਡੇ।”



ਸਾਨੂੰ TV9 Bharatvarsh ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀਡੀਓ ਨਾਲ ਸਬੰਧਤ ਰਿਪੋਰਟ ਮਿਲੀ। 10 ਜਨਵਰੀ 2021 ਨੂੰ ਅਪਲੋਡ ਰਿਪੋਰਟ ਮੁਤਾਬਕ, ਇਹ ਵੀਡੀਓ ਕਰਨਾਲ ਦਾ ਹੈ, ਜਿੱਥੇ ਮਨੋਹਰ ਲਾਲ ਖੱਟਰ ਦੀ ਸਭਾ ਵਿੱਚ ਕਿਸਾਨ ਕਾਨੂੰਨ ਦੇ ਵਿਰੁੱਧ ‘ਚ ਅੰਦੋਲਨ ਕਰ ਰਹੇ ਕਿਸਾਨਾਂ ਨੇ ਸਟੇਜ ‘ਤੇ ਭੰਨਤੋੜ ਕੀਤੀ ਸੀ।



 


ਵਾਇਰਲ ਵੀਡੀਓ ਦੇ ਕਮੈਂਟ ਸੈਕਸ਼ਨ ‘ਚ ਵੀ ਯੂਜ਼ਰਸ ਨੇ ਇਸ ਨੂੰ ਪੁਰਾਣਾ ਦੱਸਿਆ ਹੈ। ਇਸ ਤੋਂ ਪਹਿਲਾਂ ਇਹ ਵੀਡੀਓ ਮੇਰਠ ‘ਚ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਸਭਾ ‘ਚ ਹੋਏ ਹੰਗਾਮੇ ਦਾ ਦਸਿਆ ਗਿਆ ਸੀ। ਜਿਸ ਦੀ ਫ਼ੈਕ੍ਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।




ਸਭ ਤੋਂ ਪਹਿਲਾਂ ਇਹ ਵੀਡੀਓ ਤਿੰਨੋਂ ਖੇਤੀਬਾੜੀ ਕਾਨੂੰਨ ਦੀ ਵਾਪਸੀ ਦੇ ਐਲਾਨ ਦੇ ਬਾਅਦ ਦਾ ਦੱਸ ਕੇ ਸਾਂਝਾ ਕੀਤਾ ਗਿਆ ਸੀ। ਅਸੀਂ ਵੀਡੀਓ ਨੂੰ ਲੈ ਕੇ ਦੈਨਿਕ ਜਾਗਰਣ ਦੇ ਕਰਨਾਲ ਦੇ ਰਿਪੋਰਟਰ ਪਵਨ ਸ਼ਰਮਾ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ, ਵੀਡੀਓ ਕਰਨਾਲ ਦੇ ਘਰੌਂਡਾ ਹਲਕੇ ਦੇ ਪਿੰਡ ਕੈਮਲਾ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਬੁਲਾਈ ਗਈ ਮਹਾਪੰਚਾਇਤ ਦਾ ਸੀ।” ਫ਼ੈਕ੍ਟ ਚੈੱਕ ਰਿਪੋਰਟ ਇੱਥੇ ਪੜ੍ਹੋ।




ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ‘Er Sunil Kumar’ ਦੇ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਇੱਕ ਖਾਸ ਰਾਜਨੀਤਿਕ ਵਿਚਾਰਧਾਰਾ ਤੋਂ ਪ੍ਰਭਾਵਿਤ ਹਨ।


ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵਿਰੋਧ ਦੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਇਹ ਵੀਡੀਓ ਪੁਰਾਣਾ ਹੈ। ਦਰਅਸਲ, ਕੁਝ ਲੋਕ ਸਾਲ 2021 ਵਿੱਚ ਹਰਿਆਣਾ ਦੇ ਕਰਨਾਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਬੁਲਾਈ ਗਈ ਮਹਾਪੰਚਾਇਤ ਵਿੱਚ ਹੋਏ ਹੰਗਾਮੇ ਦੇ ਵੀਡੀਓ ਨੂੰ ਹਾਲੀਆ ਦੱਸ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।


This story was originally published by www.vishvasnews.com . This story has not been edited by ABPLIVE staff.