Fake CBI: ਆਏ ਦਿਨ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਠੱਗੀ ਮਾਰਨ ਦੇ ਮਾਮਲੇ ਤਾਂ ਸਾਹਮਣੇ ਆਉਂਦੇ ਹੀ ਹਨ ਪਰ ਹੁਣ ਪੰਚਕੁਲਾ ਤੋਂ ਜੋ ਮਾਮਲਾ ਸਾਹਮਣੇ ਆਇਆ ਹੈ ਉਸ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਦਰਅਸਲ ਇੱਕ ਵਿਅਕਤੀ ਜਾਅਲੀ ਸੀਬੀਆਈ ਅਫ਼ਸਰ ਬਣ ਕੇ ਸੈਕਟਰ 2 ਵਿੱਚ ਖਾਲੀ ਕੋਠੀ ਕਰਵਾਉਣ ਲਈ ਲਿਆ ਤੇ ਇਸ ਦੇ ਨਾਲ ਉਹ ਅਸਲੀ ਦੋ ਪੁਲਿਸ ਮੁਲਾਜ਼ਮਾਂ ਨੂੰ ਲੈ ਗਿਆ। ਇਸ ਦੌਰਾਨ ਪਹਿਲਾਂ ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਪੂਰੀ ਪ੍ਰਾਹੁਣਾਚਾਰੀ ਕੀਤੀ ਪਰ ਸ਼ੱਕ ਹੋਣ ਤੇ ਪੁਲਿਸ ਨੂੰ ਬੁਲਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।


ਦਰਅਸਲ ਜਿਸ ਕੋਠੀ ਨੂੰ ਜਾਅਲੀ ਸੀਬੀਆਈ ਅਫ਼ਸਰ ਖਾਲੀ ਕਰਵਾਉਣ ਲਈ ਗਿਆ ਸੀ ਉਸ ਨੂੰ ਲੈ ਕੇ ਦੋ ਭੈਣਾ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਤੇ ਆਰਪੀ ਉਨ੍ਹਾਂ ਦੇ ਰਿਸ਼ਤੇਦਾਰਾ ਦੇ ਕਹਿਣ ਤੇ ਹੀ ਕੋਠੀ ਖਾਲੀ ਕਰਵਾਉਣ ਗਿਆ ਸੀ। ਪਰਿਵਾਰ ਵਾਲਿਆਂ ਦੱਸਿਆ ਕਿ ਸੀਬੀਆਈ ਅਫ਼ਸਰ ਨਾਲ ਪੁਲਿਸ ਮੁਲਾਜ਼ਮ ਲੈ ਕੇ ਆਇਆ ਸੀ ਤੇ ਘਰ ਆਉਂਦਿਆਂ ਹੀ ਉਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਪਹਿਲਾ ਉਸ ਤੇ ਸ਼ੱਕ ਨਹੀਂ ਹੋਇਆ।


ਇਸ ਤੋਂ ਕੁਝ ਸਮਾ ਬਾਅਦ ਜਾਅਲੀ ਅਫ਼ਸਰ ਨੇ ਪੁਲਿਸ ਵਾਲਿਆਂ ਨੂੰ ਵਾਪਸ ਭੇਜ ਦਿੱਤਾ ਤੇ ਪਰਿਵਾਰ ਵਾਲਿਆਂ ਨੂੰ ਧਮਕੀ ਦੇਣ ਲੱਗਿਆ ਕਿ ਜਾਂ ਤਾਂ ਕੋਠੀ ਖਾਲੀ ਕਰ ਦਿਓ  ਨਹੀਂ ਤਾਂ ਜੇਲ੍ਹ ਜਾਣਾ ਪੈ ਸਕਦਾ ਹੈ ਹਾਲਾਂਕਿ ਪਰਿਵਾਰ ਨਾਲ ਕਿਹਾ ਕਿ ਮਾਮਲਾ ਜੇਰੇ ਜਾਂਚ ਹੈ ਪਰ ਫਿਰ ਵੀ ਉਹ ਧਮਕਾਉਂਦਾ ਰਿਹਾ ਜਿਸ ਤੋਂ ਬਾਅਦ ਸ਼ੱਕ ਹੋਣ ਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ।


ਪੁਲਿਸ ਨੇ ਸ਼ਿਕਾਇਤ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਤੇ ਜਾਂਚ ਵਿੱਟ ਸਾਹਮਣ ਆਇਆ ਕਿ ਉਹ ਦਿੱਲੀ ਵਿੱਚ ਸੀਆਰਪੀਐਫ਼ ਵਿੱਚ ਹੈੱਡ ਕਾਂਸਟੇਬਲ ਦੇ ਅਹੁਦੇ ਤੇ ਤੈਨਾਤ ਹੈ ਤੇ ਉਸ ਦਾ ਪਿਛੋਕੜ ਲਖਨਊ ਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।


ਇੱਥੇ ਗ਼ੌਰ ਕਰਨ ਵਾਲੀ ਗੱਲ ਹੈ ਕਿ ਜਦੋਂ ਜਾਅਲੀ ਅਫ਼ਸਰ ਬਣ ਕੇ ਉਹ ਪੁਲਿਸ ਸਟੇਸ਼ਨ ਗਿਆ ਤਾਂ ਇੱਥੇ ਕਿਸੇ ਨੇ ਵੀ ਉਸ ਨੂੰ ਕੋਈ ਸਵਾਲ ਜਵਾਬ ਨਹੀਂ ਕੀਤਾ ਤੇ ਪੁਲਿਸ ਵਾਲੇ ਉਸ ਨਾਲ ਚਲੇ ਗਏ। ਪੁਲਿਸ ਨੇ ਕਈ ਦਸਤਾਵੇਜ਼ ਨਹੀਂ ਵੇਖੇ ਤੇ ਆਪਣੇ ਦੋ ਮੁਲਾਜ਼ਮ ਨਾਲ ਭੇਜ ਦਿੱਤੇ। ਇਹ ਕਿਤੇ ਨਾ ਕਿਤੇ ਪੁਲਿਸ ਦੀ ਵੱਡੀ ਅਣਗਿਹਲੀ ਹੈ।