ਸਿਰਸਾ: ਪਿੰਡ ਚਤਰਗੜ੍ਹ ਪੱਟੀ ਦੇ ਪੰਚ ਦੀ ਟੀਮ ਨੂੰ ਨਕਲੀ ਨੋਟ ਛਾਪਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਗਰੋਹ ਦਾ ਇੱਕ ਮੈਂਬਰ ਹਾਲੇ ਫਰਾਰ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਨਕਲੀ ਨੋਟ ਦੇ ਨਾਲ-ਨਾਲ ਤਿਆਰ ਕਰਨ ਵਾਲਾ ਸਾਮਾਨ ਵੀ ਬਰਾਮਦ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਦੀ 'ਕਾਰਜਸ਼ੈਲੀ' ਦਾ ਖੁਲਾਸਾ ਵੀ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਤੋਂ ਪੁਲਿਸ ਨੇ 27,000 ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ।

 

ਸਿਰਸਾ ਮਾਮਲੇ ਵਿੱਚ ਪੁਲਿਸ ਨੇ ਪੰਚ ਵਿਨੋਦ ਤੇ ਉਸ ਦੇ ਸਾਥੀ ਬਲਵੰਤ ਨੂੰ 40,000 ਰੁਪਏ ਦੇ ਨਕਲੀ ਨੋਟਾਂ ਤੇ 54 ਛਪੇ ਤੇ ਅਣਕੱਟੇ ਹੋਏ ਨੋਟਾਂ ਨਾਲ ਗ੍ਰਿਫ਼ਤਾਰ ਕੀਤਾ ਹੈ। ਸਿਰਸਾ ਦੇ ਪੁਲਿਸ ਕਪਤਾਨ ਹਾਮਿਦ ਅਖ਼ਤਰ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਨਕਲੀ ਨੋਟ ਛਾਪਣ ਲਈ ਪੂਰੀ ਲੈਬਾਰਟਰੀ ਤਿਆਰ ਕੀਤੀ ਹੋਈ ਸੀ।



ਪੁਲਿਸ ਮੁਤਾਬਕ ਗਰੋਹ ਨੇ ਨਕਲੀ ਨੋਟ ਤਿਆਰ ਕਰਨ ਦੀ ਸਾਰੀ ਪ੍ਰਕਿਰਿਆ ਯੂ-ਟਿਊਬ ਤੋਂ ਸਿੱਖੀ ਸੀ ਤੇ ਮੁਲਜ਼ਮ ਬਲਵੰਤ ਫ਼ੋਟੋਸ਼ਾਪ ਦੀ ਮਦਦ ਨਾਲ ਆਪਣੇ ਹੀ ਸੀਰੀਅਲ ਨੰਬਰ ਲਾ ਕੇ ਪਿਛਲੇ ਪੰਦਰਾਂ ਦਿਨਾਂ ਤੋਂ ਨਕਲੀ ਨੋਟ ਤਿਆਰ ਕਰ ਰਿਹਾ ਸੀ। ਤਫ਼ਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ 70,000 ਮੁੱਲ ਦੇ 100-100 ਰੁਪਏ ਦੇ ਨਕਲੀ ਨੋਟ ਤਿਆਰ ਕਰ ਚੁੱਕੇ ਹਨ। ਪੁਲਿਸ ਮੁਤਾਬਕ ਗਰੋਹ ਦੇ ਤੀਜੇ ਮੈਂਬਰ ਦਾ ਕੰਮ ਛਾਪੇ ਗਏ ਨਕਲੀ ਨੋਟਾਂ ਨੂੰ ਬਾਜ਼ਾਰ ਵਿੱਚ ਚਲਾਉਣਾ ਸੀ, ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਉੱਧਰ ਬਰਨਾਲਾ ਦੇ ਸ਼ਹਿਰੀ ਥਾਣੇ ਦੇ ਮੁਖੀ ਗੁਰਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਭੋਲਾ ਰਾਮ ਪਾਸੋਂ ਬਰਾਮਦ ਕੀਤੇ 27000 ਰੁਪਏ ਦੀ ਜਾਅਲੀ ਕਰੰਸੀ ਉਸ ਨੇ ਹਰਿਆਣਾ ਤੋਂ ਹੀ ਖ਼ਰੀਦੀ ਸੀ। ਸਾਰੇ ਨੋਟ 2000 ਤੇ 500 ਰੁਪਏ ਦੇ ਹਨ। ਪੁਲਿਸ ਨੇ ਦੱਸਿਆ ਕਿ ਭੋਲਾ ਰਾਮ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਉਸ ਨੇ ਇਹ ਨਕਲੀ ਨੋਟ ਕਿਸੇ ਹੋਰ ਵਿਅਕਤੀ ਤੋਂ 5,000 ਰੁਪਏ ਵਿੱਚ ਖਰੀਦੇ ਸਨ।

ਬੇਸ਼ੱਕ ਦੋਵੇਂ ਘਟਨਾਵਾਂ ਵੱਖ-ਵੱਖ ਹਨ, ਪਰ ਹੋ ਸਕਦਾ ਹੈ ਦੋਵਾਂ ਦਾ ਕੋਈ ਸਬੰਧ ਹੋਵੇ। ਫਿਲਹਾਲ ਕਿਸੇ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। 'ਏਬੀਪੀ ਸਾਂਝਾ' ਤੁਹਾਨੂੰ ਨਕਦ ਲੈਣ-ਦੇਣ ਸਮੇਂ ਕਰੰਸੀ ਦੀ ਚੰਗੀ ਤਰ੍ਹਾਂ ਪੜਤਾਲ ਕਰਨ ਦੀ ਸਲਾਹ ਦਿੰਦਾ ਹੈ।