ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਵਿੱਚ ਇੱਕ 50 ਸਾਲਾ ਕਿਸਾਨ ਨੇ ਬਿਜਲੀ ਦਾ ਬਿੱਲ ਵੇਖਣ ਮਗਰੋਂ ਖੁਦਕੁਸ਼ੀ ਕਰ ਲਈ।ਦਰਅਸਲ, ਬਿਜਲੀ ਵਿਭਾਗ ਨੇ ਉਸਨੂੰ ਡੇਢ ਲੱਖ ਰੁਪਏ ਦਾ ਬਿਜਲੀ ਬਿੱਲ ਦੇ ਦਿੱਤਾ।ਇਸ ਮਗਰੋਂ ਜਦੋਂ ਕਿਸਾਨ ਬਿਜਲੀ ਵਿਭਾਗ ਕੋਲ ਪਹੁੰਚਿਆ ਤੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਤਾਂ ਕਥਿਤ ਤੌਰ ਤੇ ਉਸ ਨੂੰ ਥੱਪੜ ਮਾਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਘਟਨਾ ਅਤਰੌਲੀ ਤਹਿਸੀਲ ਦੇ ਪਿੰਡ ਸੂਨੈਰਾ ਦੀ ਹੈ।ਇੱਥੇ ਕੁਝ ਅਧਿਕਾਰੀ ਰਾਮਜੀ ਲਾਲ ਦੇ ਘਰ ਆਕੇ ਉਸਨੂੰ ਡੇਢ ਲੱਖ ਰੁਪਏ ਦਾ ਬਿਜਲੀ ਬਿੱਲ ਦੇ ਗਏ। ਜਦੋਂ ਕਿਸਾਨ ਬਿਜਲੀ ਵਿਭਾਗ ਪਹੁੰਚਿਆ ਤੇ ਅਧਿਕਾਰੀਆਂ ਨੂੰ ਕਿਹਾ ਕਿ ਉਸ ਕੋਲ ਬਿਜਲੀ ਬਿੱਲ ਦੇਣ ਦੇ ਲਈ ਪੈਸੇ ਨਹੀਂ ਤਾਂ ਉਸਨੂੰ ਥੱਪੜ ਮਾਰ ਦਿੱਤਾ ਗਿਆ।

ਕਿਸਾਨ ਨੇ ਬਿੱਲ ਵਿੱਚ ਸੋਧ ਕਰਨ ਲਈ ਵੀ ਕਿਹਾ ਪਰ ਉਸਦੀ ਗੱਲ ਨਹੀਂ ਸੁਣੀ ਗਈ। ਕਿਸਾਨ ਦੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਬਿਜਲੀ ਬਿੱਲ ਵਿੱਚ 1500 ਰੁਪਏ ਦੀ ਜਗ੍ਹਾ ਗਲਤ ਢੰਗ ਨਾਲ 1,50,000 ਰੁਪਏ ਦਿਖਾਇਆ ਗਿਆ ਹੈ। ਜਦੋਂ ਸਾਰੀਆਂ ਕੋਸ਼ੀਸ਼ਾਂ ਨਾਕਾਮ ਹੋ ਗਈਆਂ ਤਾਂ ਕਿਸਾਨ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।