ਬੈਤੂਲ: ਮੱਧ ਪ੍ਰਦੇਸ਼ ਦੇ ਬੈਤੂਲ ਵਿੱਚ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਅਰੁਣ ਵਨਕਰ ਤੇ ਨਾਗਪੁਰ ਦੇ ਕਿਸਾਨ ਲੀਡਰ ਨੇ ਵੱਡਾ ਬਿਆਨ ਦਿੱਤਾ ਹੈ। ਉਹ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਇੰਨਾ ਗੁੱਸੇ ਵਿੱਚ ਆ ਗਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਤੇ ਇੱਥੋਂ ਤੱਕ ਕਿ ਸੈਨਾ ਤੱਕ ਲਈ ਸਖਤ ਗੱਲਾਂ ਬੋਲ ਗਏ।
ਨਾਗਪੁਰ ਤੋਂ ਦਿੱਲੀ ਜਾਂਦੇ ਸਮੇਂ, ਉਨ੍ਹਾਂ ਬੇਤੂਲ ਦੇ ਮੁਲਤਾਈ 'ਚ ਆਰਐਸਐਸ ਮੁਖੀ ਮੋਹਨ ਭਾਗਵਤ ਤੇ ਸੰਗਠਨ ਦੇ ਮੁੱਖ ਦਫਤਰ ਨੂੰ ਉਡਾਉਣ ਤਕ ਦੀ ਧਮਕੀ ਦੇ ਦਿੱਤੀ। ਵਨਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਨਹੀਂ ਬਖਸ਼ਿਆ। ਪ੍ਰਧਾਨ ਮੰਤਰੀ ਲਈ ਸਤਿਕਾਰ ਭਰੇ ਸ਼ਬਦਾਂ ਦੀ ਵਰਤੋਂ ਤਾਂ ਬਹੁਤ ਦੂਰ, ਵਨਕਾਰ ਨੇ ਇਹ ਕਹਿ ਦਿੱਤਾ ਕਿ ਮੋਦੀ ਕੋਲ ਆਤਮ ਹੱਤਿਆ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ। ਵਨਕਰ ਨੇ ਇਹ ਬਿਆਨ ਮਹਾਰਾਸ਼ਟਰ ਤੋਂ ਦਿੱਲੀ ਜਾ ਰਹੇ ਕਿਸਾਨਾਂ ਦੇ ਸਵਾਗਤ ਤੋਂ ਬਾਅਦ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ "ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ‘ਤੇ ਫਾਇਰ ਨਹੀਂ ਕਰ ਸਕਦੇ ਨਹੀਂ ਤਾਂ ਸੈਨਾ ਦੇ ਜਵਾਨ ਬਗਾਵਤ ਕਰਨਗੇ। ਫਿਰ ਵੀ, ਜੇ ਸਰਕਾਰ ਅਜਿਹਾ ਕਰਦੀ ਹੈ, ਅਸੀਂ ਮੋਹਨ ਭਾਗਵਤ ਨੂੰ ਉਡਾ ਦੇਵਾਂਗੇ, ਆਰਐਸਐਸ ਦੇ ਹੈੱਡਕੁਆਰਟਰ ਨੂੰ ਉਡਾ ਦੇਵਾਂਗੇ। ਹੁਣ ਕਿਸਾਨ ਦਿੱਲੀ ਵਿੱਚ ਦਾਖਲ ਹੋ ਗਏ ਹਨ। ਮੋਦੀ ਦੇ ਸਾਹਮਣੇ ਇੱਕੋ ਰਸਤਾ ਹੈ, ਜਾਂ ਤਾਂ ਕਾਨੂੰਨ ਵਾਪਸ ਲੈ ਲਵੇ ਨਹੀਂ ਤਾਂ ਉਸ ਨੂੰ ਖੁਦਕੁਸ਼ੀ ਕਰਨੀ ਪਏਗੀ।"
ਵਨਕਰ ਨੇ ਕਿਹਾ ਕਿ "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਿਟਲਰ ਸੁਭਾਅ ਹੈ। ਉਹ ਕਿਸੇ ਹਾਲ ਤੇ ਵੀ ਪੈਰ ਪਿੱਛੇ ਨਹੀਂ ਪੁੱਟੇਗਾ ਤੇ ਉਸ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ।"