ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। 'ਏਬੀਪੀ ਨਿਊਜ਼' ਆਪਣੇ ਚੈਨਲ ਰਾਹੀਂ ਲਗਾਤਾਰ ਨੇਤਾਵਾਂ ਤੇ ਕਿਸਾਨਾਂ ਵਿਚਾਲੇ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲੜੀ ਵਿੱਚ ਇੱਕ ‘ਲਾਈਵ ਸ਼ੋਅ’ ਦੌਰਾਨ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਤੇ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਆਹਮੋ-ਸਾਹਮਣੇ ਆ ਗਏ।

ਇਸ ਬਾਰੇ ਨਰੋਤਮ ਮਿਸ਼ਰਾ ਨੇ ਏਬੀਪੀ ਨਿਊਜ਼ ਨੂੰ ਕਿਹਾ, ‘ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਅੱਜ ਕਿਸਾਨਾਂ ਨੂੰ ਸੰਬੋਧਨ ਕਰਨਗੇ ਕਿਉਂਕਿ ਸੂਬਾ ਸਰਕਾਰ ਅੱਜ ਕਿਸਾਨਾਂ ਦੇ ਖਾਤਿਆਂ ਵਿੱਚ 1,600 ਕਰੋੜ ਰੁਪਏ ਟ੍ਰਾਂਸਫ਼ਰ ਕਰ ਰਹੀ ਹੈ। ਜੇ ਪੰਜਾਬ ਸਰਕਾਰ ਪੈਸਾ ਦੇਵੇਗੀ, ਤਾਂ ਪ੍ਰਧਾਨ ਮੰਤਰੀ ਉੱਥੇ ਵੀ ਕਿਸਾਨਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਪੂਰੇ ਦੇਸ਼ ਦੇ ਹਨ, ਜੇ ਉਹ ਇੱਕ ਥਾਂ ਸੰਬੋਧਨ ਕਰਨਗੇ, ਤਾਂ ਸਮੁੱਚੇ ਦੇਸ਼ ਵਿੱਚ ਸੰਦੇਸ਼ ਜਾਵੇਗਾ।’

ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ,‘ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਨੇ ਪਹਿਲਾਂ ਭੋਪਾਲ ’ਚ ਚੱਕਾ ਜਾਮ ਕੀਤਾ ਸੀ; ਤਦ ਸਰਕਾਰ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਖ਼ਤਮ ਕਰ ਦਿੱਤਾ ਸੀ ਪਰ ਹੁਣ ਤੱਕ ਸਰਕਾਰ ਨੇ ਲਿਖਤ ਵਿੱਚ ਕੁਝ ਨਹੀਂ ਦਿੱਤਾ।’ ਤਦ ਨਰੋਤਮ ਮਿਸ਼ਰਾ ਨੇ ਪੁੱਛਿਆ ਕਿ ਜੇ ਸਰਕਾਰ ਲਿਖਤੀ ਭਰੋਸਾ ਦੇਵੇ, ਤਾਂ ਕੀ ਧਰਨਾ ਪ੍ਰਦਰਸ਼ਨ ਖ਼ਤਮ ਹੋ ਜਾਵੇਗਾ?

ਤਦ ਕਿਸਾਨ ਆਗੂ ਨੇ ਕਿਹਾ ਕਿ ‘ਜਦੋਂ ਕਾਨੂੰਨ ਬਣਾਉਣ ਵਿੱਚ ਤੁਹਾਨੂੰ ਦੇਰ ਨਹੀਂ ਲੱਗਦੀ, ਹੁਕਮ ਜਾਰੀ ਕਰਨ ਵਿੱਚ ਦੇਰੀ ਨਹੀਂ ਹੁੰਦੀ, ਤਦ ਸਰਕਾਰ ਦੇਰੀ ਕਿਉਂ ਕਰ ਰਹੀ ਹੈ? ਰਹੀ ਗੱਲ ਕਾਲੇ ਕਾਨੂੰਨ ਦੀ, ਤਾਂ ਪੰਜਾਬ ਦੇ ਕਿਸਾਨ ਇਹ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ।’ ਤਦ ਮੰਤਰੀ ਨੇ ਸੁਆਲ ਕੀਤਾ ਕਿ ‘ਇਸ ਕਾਨੂੰਨ ਵਿੱਚ ਕਾਲਾ ਕੀ ਹੈ, ਇਹ ਦੱਸੋ…’ ਪਰ ਇਸ ਤੋਂ ਬਾਅਦ ਕੁਨੈਕਸ਼ਨ ਕਟ ਗਿਆ ਤੇ ਅੱਗੇ ਗੱਲ ਨਾ ਹੋ ਸਕੀ।