ਨਾਗਪੁਰ: ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਡੇਰੇ ਲਾਈ ਬੈਠੇ ਕਿਸਾਨ ਆਪਣੇ ਇਸ ਅੰਦੋਲਨ ਨੂੰ ‘ਮਈ 2024 ਤੱਕ’ ਮਘਾਈ ਰੱਖਣ ਲਈ ਤਿਆਰ ਬਰ ਤਿਆਰ ਹਨ। ਟਿਕੈਤ ਨੇ ਕਿਸਾਨਾਂ ਦੇ ਇਸ ਅੰਦੋਲਨ ਨੂੰ ‘ਵਿਚਾਰਧਾਰਕ ਇਨਕਲਾਬ’ ਕਰਾਰ ਦਿੱਤਾ ਹੈ।

ਐਨਆਈਏ ਦੇ ਨੋਟਿਸਾਂ ਦੇ ਹਵਾਲੇ ਨਾਲ ਟਿਕੈਤ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੇ ਚਾਹਵਾਨਾਂ ਨੂੰ ਜੇਲ੍ਹ, ਜਾਇਦਾਦ ਜ਼ਬਤ ਕਰਨ ਤੇ ਕੋਰਟ ਕੇਸਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਤਿਆਰ ਰਹਿਣ। ਦੇਸ਼ ’ਚ ਅਗਲੀਆਂ ਆਮ ਚੋਣਾਂ ਅਪਰੈਲ-ਮਈ 2024 ’ਚ ਹੋਣੀਆਂ ਹਨ।

ਉਧਰ, ਕਿਸਾਨ ਲੀਡਰ ਕਰਨਜੀਤ ਸਿੰਘ ਰਾਜੂ (ਰਾਜਸਥਾਨ) ਨੇ ਕਿਹਾ ਕਿ ਅੰਦੋਲਨ ਕਰਨਾ ਸਾਡਾ ਹੱਕ ਹੈ, ਪਰ ਐਨਆਈਏ ਵਰਗੀਆਂ ਏਜੰਸੀਆਂ ਕਿਸਾਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਪਿੱਛੇ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇੱਥੇ ਖਾਲਿਸਤਾਨੀ ਤੇ ਦਹਿਸ਼ਤਗਰਦ ਮਿਲਦੇ ਹਨ ਤਾਂ ਏਜੰਸੀਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀਆਂ।