ਨਵੀਂ ਦਿੱਲੀ: ਕਾਫੀ ਸਮੇਂ ਤੋਂ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦਰਮਿਆਨ ਵੱਡੀ ਖ਼ਬਰ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੂੰ ਫੋਨ 'ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਇਸ ਸਬੰਧੀ ਸ਼ਨੀਵਾਰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਕੌਸ਼ਾਂਬੀ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਬਾਬਤ ਜਾਣਕਾਰੀ ਦਿੱਤੀ।


ਗਾਜ਼ੀਆਬਾਦ ਜਨਪਦ ਦੇ ਸਿਟੀ ਐਸਪੀ ਗਿਆਨੇਂਦਰ ਸਿੰਘ ਮੁਤਾਬਕ ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਨਿੱਜੀ ਸਹਾਇਕ ਅਰਜੁਨ ਬਾਲਿਆਨ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਇਕ ਅਣਪਛਾਤੇ ਨੇ ਸ਼ਨੀਵਾਰ ਸ਼ਾਮ ਫੋਨ ਕਰਕੇ ਰਾਕੇਸ਼ ਟਿਕੈਤ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ 'ਚ ਜਿਸ ਫੋਨ ਨੰਬਰ ਦਾ ਜ਼ਿਕਰ ਕੀਤਾ ਗਿਆ ਉਸ ਨੂੰ ਸਰਵੀਲੈਂਸ 'ਤੇ ਪਾ ਦਿੱਤਾ ਗਿਆ ਹੈ। ਫਿਲਹਾਲ ਫੋਨ ਕਰਨ ਵਾਲੇ ਦੀ ਪਛਾਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੌਸ਼ੰਬੀ ਥਾਣੇ 'ਚ ਆਈਪੀਸੀ ਦੀ ਧਾਰਾ 507 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।


ਕਿਸਾਨ ਅੰਦੋਲਨ 'ਚ ਸ਼ਾਮਲ ਰਾਕੇਸ਼ ਟਿਕੈਤ


ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ 'ਚ ਰਾਕੇਸ਼ ਟਿਕੈਤ ਵੀ ਸ਼ਾਮਲ ਹਨ। ਕਿਸਾਨ ਲਗਾਤਾਰ ਕੇਂਦਰ ਤੋਂ ਇਹ ਤਿੰਨ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ