ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਧਰਨੇ 'ਤੇ ਡਟੇ ਕਿਸਾਨਾਂ ਨੂੰ 35 ਦਿਨ ਤੋਂ ਵੱਧ ਸਮਾਂ ਬੀਤ ਗਿਆ ਹੈ। ਅਜਿਹੇ 'ਚ ਜਿਥੇ ਕਿਸਾਨਾਂ ਨੇ ਨਵਾਂ ਸਾਲ ਦਿੱਲੀ ਦੀਆਂ ਬਰੂਹਾਂ 'ਤੇ ਮਨਾਇਆ ਉੱਥੇ ਹੀ ਹੁਣ 12 ਜਨਵਰੀ ਨੂੰ ਕਿਸਾਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਦਾ ਤਿਉਹਾਰ ਮਨਾਉਣਗੇ। ਕੇਂਦਰ ਦੀ 4 ਤਾਰੀਖ ਦੀ ਮੀਟਿੰਗ 'ਚ ਹੱਲ ਨਾ ਹੋਇਆ ਤਾਂ ਕਿਸਾਨ ਅੰਦੋਲਨ ਤੇਜ਼ ਕਰਨਗੇ। ਛੇ ਜਨਵਰੀ ਤੋਂ 20 ਜਨਵਰੀ ਤਕ ਪੂਰੇ ਦੇਸ਼ 'ਚ ਲੋਕਾਂ ਨੂੰ ਵਿਰੋਧ 'ਚ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ।


18 ਜਨਵਰੀ ਮਹਿਲਾ ਕਿਸਾਨ ਦਿਵਸ ਦੇ ਰੂਪ 'ਚ ਮਨਾਇਆ ਜਾਵੇਗਾ। 23 ਜਨਵਰੀ ਨੂੰ ਆਜ਼ਾਦ ਹਿੰਦ ਫੌਜ ਡੇਅ ਨੂੰ ਆਜ਼ਾਦ ਹਿੰਦ ਕਿਸਾਨ ਦਿਵਸ ਦੇ ਤੌਰ 'ਤੇ ਮਨਾਉਣਗੇ। ਬੀਜੇਪੀ ਲੀਡਰਾਂ ਦਾ ਵਿਰੋਧ ਅੱਗੇ ਵੀ ਜਾਰੀ ਰਹੇਗਾ। ਪੰਜਾਬ ਦੇ ਸੰਗਰੂਰ 'ਚ ਬੀਜੇਪੀ ਲੀਡਰ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ ਹੈ।


ਉਨ੍ਹਾਂ ਕਿਹਾ ਪੁਲਿਸ ਤੇ ਸਰਕਾਰ ਅਜਿਹੀਆਂ ਹਰਕਤਾਂ ਤੋਂ ਬਾਜ ਆ ਜਾਵੇ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਕਿਸਾਨਾਂ ਦਾ ਫੈਸਲਾ ਅਟਲ ਹੈ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤਕ ਅੰਦੋਲਨ ਜਾਰੀ ਰਹੇਗਾ।


ਓਧਰ ਕੱਲ੍ਹ ਕੇਂਦਰ ਸਰਕਾਰ ਨਾਲ ਇਸ ਗੱਲ 'ਤੇ ਚਰਚਾ ਹੋਵੇਗੀ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਕਾਨੂੰਨੀ ਪ੍ਰਕਿਰਿਆ ਕੀ ਹੋਵੇਗੀ? ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਤੇ MSP ਦੀ ਗਾਰੰਟੀ ਦਾ ਕਾਨੂੰਨੀ ਅਧਿਕਾਰ ਲਏ ਬਿਨਾਂ ਅਸੀਂ ਵਾਪਸ ਨਹੀਂ ਜਾਵਾਂਗੇ। ਪੰਜਾਬ ਸਰਕਾਰ ਫਰਜ਼ੀ ਕੇਸ ਦਰਜ ਕਰ ਰਹੀ ਹੈ ਉਨ੍ਹਾਂ ਨੂੰ ਰੱਦ ਕੀਤਾ ਜਾਵੇ। ਸਰਕਾਰ ਨੂੰ ਚੇਤਾਵਨੀ ਹੈ ਕਿ ਨਜਾਇਜ਼ ਕੇਸ ਦਰਜ ਕਰਨ ਤੋਂ ਬਾਜ ਆਵੇ।


ਕੇਂਦਰ ਤੇ ਪੰਜਾਬ ਸਰਕਾਰ ਪੁਲਿਸ ਕਾਰਵਾਈ ਨਾਲ ਕਿਸਾਨਾਂ ਨੂੰ ਉਕਸਾਉਣ ਦੀ ਕੋਸ਼ਿਸ਼ ਨਾ ਕਰੇ। ਹੁਣ ਤਕ ਅੰਦੋਲਨ 'ਚ 60 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਲਈ ਇਹ ਵੱਡੀ ਸ਼ਰਮ ਦੀ ਗੱਲ ਹੈ ਕਿ PM ਉਨ੍ਹਾਂ ਕਿਸਾਨਾਂ ਬਾਰੇ ਇਕ ਵਾਰ ਨਹੀਂ ਬੋਲੇ? ਕਿਸਾਨ ਲੀਡਰਾਂ ਨੇ ਇਲਜ਼ਾਮ ਲਾਇਆ ਕਿ ਹੁਸ਼ਿਆਰਪੁਰ 'ਚ ਗੋਬਰ ਦੀ ਟ੍ਰਾਲੀ ਬੀਜੇਪੀ ਲੀਡਰ ਦੇ ਘਰ ਦੇ ਬਾਹਰ ਸੁੱਟਣ ਲਈ ਹੱਤਿਆ ਦੇ ਯਤਨ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਪੁਲਿਸ ਦੀ ਸਰਾਸਰ ਗਲਤ ਕਾਰਵਾਈ ਹੈ। ਪੁਲਿਸ ਨੌਜਵਾਨਾਂ ਨੂੰ ਉਕਸਾਉਣ ਦਾ ਕੰਮ ਕਰ ਰਹੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ