ਸੋਨੀਪਤ: ਵਿਵਾਦਤ ਖੇਤੀ ਕਾਨੂੰਨਾਂ ਦੇ ਰੱਦ ਹੋਣ ਮਗਰੋਂ ਕਿਸਾਨ ਆਪਣੀਆਂ ਹੋਰ ਜ਼ਰੂਰੀ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਬੀਤੇ ਕੱਲ੍ਹ ਮਨਜਿੰਦਰ ਸਿਰਸਾ ਵੱਲੋਂ ਅਕਾਲੀ ਦਲ ਛੱਡ ਬੀਜੇਪੀ ਵਿੱਚ ਸ਼ਾਮਲ ਹੋਣ ‘ਤੇ ਕਿਸਾਨਾਂ ਅੰਦਰ ਭਾਰੀ ਰੋਹ ਤੇ ਗੁੱਸਾ ਹੈ। ਇਸੇ ਲਈ ਅੱਜ ਕਿਸਾਨਾਂ ਨੇ ਸਿੰਘੂ ਬਾਰਡਰ ‘ਤੇ ਸਟੇਜ ਨੇੜੇ ਸਿਰਸਾ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ।

ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਸੀ। ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਬੀਜੇਪੀ ਦਾ ਪੱਲਾ ਫੜ੍ਹ ਲਿਆ। ਕਿਸਾਨ ਵੱਲੋਂ ਸਿਰਸਾ ‘ਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ 26 ਜਨਵਰੀ ਨੂੰ ਜੋ ਵੀ ਦਿੱਲੀ ਵਿੱਚ ਹੋਇਆ, ਸਿਰਸਾ ਨੇ ਜਾਣਬੁਝ ਕਿ ਉਸ ਦਾ ਵੀਡੀਓ ਬਣਾਇਆ ਸੀ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਐਮਐਸਪੀ 'ਤੇ ਗਾਰੰਟੀ ਤੇ ਕਿਸਾਨਾਂ ‘ਤੇ ਦਰਜ ਮੁਕੱਦਮੇ ਵਾਪਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਅੰਦੋਲਨ ਖ਼ਤਮ ਨਹੀਂ ਹੋਵੇਗਾ। ਜੇਕਰ ਕਿਸੇ ਹੋਰ ਕਿਸਾਨ ਆਗੂ ਨੇ ਅਜਿਹਾ ਕੀਤਾ ਤਾਂ ਉਸ ਦੇ ਘਰ ਨੂੰ ਤਾਲਾ ਲਗਾ ਦਿੱਤਾ ਜਾਏਗਾ।

ਮਨਜਿੰਦਰ ਸਿਰਸਾ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਕਿਸਾਨ ਲਗਾਤਾਰ ਗੁੱਸੇ 'ਚ ਹਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਭਾਜਪਾ ਦਾ ਮੈਂਬਰ ਹੈ, ਪਰ ਉਹ ਇਸ ਤੋਂ ਇਨਕਾਰ ਕਰਦਾ ਸੀ ਤੇ ਹੁਣ ਉਸ ਨੇ ਇਹ ਸਾਬਤ ਕਰ ਦਿੱਤਾ ਹੈ। ਉਹ ਜਾਣਬੁੱਝ ਕੇ 26 ਜਨਵਰੀ ਨੂੰ ਕਿਸਾਨਾਂ ਦੇ ਨਾਲ ਖੜ੍ਹਾ ਸੀ ਤੇ ਉਸ ਦੀ ਵੀਡੀਓ ਬਣਾਈ ਗਈ ਸੀ। ਕੁਝ ਕਿਸਾਨਾਂ ਨੇ ਦੱਸਿਆ ਕਿ ਉਹ ਆਪਣਾ ਰੋਸ ਜ਼ਾਹਰ ਕਰਨ ਲਈ ਜੰਜ਼ੀਰਾਂ ਬੰਨ੍ਹ ਕੇ ਨਾਲ ਦਿੱਲੀ ਗਿਆ ਸੀ ਪਰ ਉਸ ਨੂੰ ਦਿੱਲੀ ਗੁਰਦੁਆਰਾ ਸਾਹਿਬ 'ਚ ਪੁਲਿਸ ਨੇ ਫੜ ਲਿਆ ਤੇ ਗੁਰਦੁਆਰਾ ਪ੍ਰਬੰਧਨ ਕਮੇਟੀ ਦਾ ਕੋਈ ਵੀ ਮੈਂਬਰ ਉਨ੍ਹਾਂ ਨੂੰ ਮਿਲਣ ਨਹੀਂ ਆਇਆ।

ਕਿਸਾਨਾਂ ਨੇ ਕਿਹਾ ਕਿ ਉਹ ਭਾਜਪਾ ਦਾ ਹੀ ਏਜੰਟ ਹੈ ਤੇ ਉਸ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਇਹ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰੋਸ ਵਜੋਂ ਉਸ ਦਾ ਪੁਤਲਾ ਫੂਕਿਆ ਹੈ। ਜਿੰਨੀ ਦੇਰ ਦੀ MSP ਦੀ ਗਾਰੰਟੀ ਤੇ ਕਿਸਾਨਾਂ ਦੇ ਹੋਰ ਮਸਲੇ ਹੱਲ ਨਹੀਂ ਹੁੰਦੇ ਉਹ ਪਿੱਛੇ ਨਹੀਂ ਹਟਣਗੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਕਿਸਾਨ ਆਗੂ ਅੰਦੋਲਨ ਖਤਮ ਕਰਨ ਜਾਂ ਮਨਜਿੰਦਰ ਸਿੰਘ ਸਿਰਸਾ ਵਾਂਗ ਭਾਜਪਾ ਵਿੱਚ ਸ਼ਾਮਲ ਹੋਣ ਲਈ ਕਹਿੰਦਾ ਹੈ ਤਾਂ ਅਸੀਂ ਉਸ ਦੇ ਘਰ ਨੂੰ ਤਾਲਾ ਲਗਾ ਦੇਵਾਂਗੇ।