ਕਰਨਾਲ: ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਮਗਰੋਂ ਹਰਿਆਣਾ ਦੀ ਖੱਟਰ ਸਰਕਾਰ ਵੀ ਨਰਮ ਪੈ ਗਈ ਹੈ। ਕਿਸਾਨ ਅੰਦੋਲਨ ਪ੍ਰਤੀ ਸਖਤ ਤੇਵਰ ਵਿਖਾਉਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਬੈਕਫੁੱਟ 'ਤੇ ਨਜ਼ਰ ਆਏ। ਕਰਨਾਲ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਜਾਵੇਗਾ। ਕਿਸਾਨਾਂ ਨਾਲ ਗੱਲਬਾਤ ਬਹੁਤ ਨਜ਼ਦੀਕ ਪਹੁੰਚ ਗਈ ਹੈ।


ਕਿਸਾਨਾਂ 'ਤੇ ਦਰਜ ਹੋਏ ਕੇਸਾਂ ਬਾਰੇ ਵੀ ਮੁੱਖ ਮੰਤਰੀ ਦੇ ਸੁਰ ਕਾਫੀ ਨਰਮ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸਾਨਾਂ ਨਾਲ ਗੱਲਬਾਤ ਹੋਵੇਗੀ, ਉਦੋਂ ਹੀ ਕੇਸਾਂ ਬਾਰੇ ਵੀ ਗੱਲ ਕੀਤੀ ਜਾਵੇਗੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ। ਹੁਣ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਪਰਤਣਾ ਚਾਹੀਦਾ ਹੈ।

ਦੱਸ ਦਈਏ ਕਿ ਕਿਸਾਨ ਅੰਦੋਲਨ ਕਰਕੇ ਸਭ ਤੋਂ ਵੱਧ ਸਖਤੀ ਹਰਿਆਣਾ ਅੰਦਰ ਹੀ ਹੋਈ। ਕਿਸਾਨਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਨੇ 48000 ਕਿਸਨਾਂ ਖਿਲਾਫ ਕੇਸ ਦਰਜ ਕੀਤੇ ਹਨ। ਮੁੱਖ ਮੰਤਰੀ ਖੱਟਰ ਖੁਦ ਕਿਸਾਨਾਂ ਨੂੰ ਸ਼ਰਾਰਤੀ ਅਨਸਰ ਦੱਸਦੇ ਰਹੇ ਹਨ। ਉਨ੍ਹਾਂ ਨੇ ਤਾਂ ਸਪਸ਼ਟ ਕਿਹਾ ਸੀ ਕਿ ਖੇਤੀ ਕਾਨੂੰਨ ਹੁਣ ਕਿਸੇ ਵੀ ਕੀਮਤ ਉੱਪਰ ਵਾਪਸ ਨਹੀਂ ਹੋਣਗੇ।

ਉਧਰ, ਕਿਸਾਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਸਰਕਾਰ ਨਾਲ ਗੱਲਬਾਤ ਲਈ ਕੋਈ ਬੁਲਾਵਾ ਨਹੀਂ ਭੇਜਿਆ ਗਿਆ। ਇਸ ਲਈ ਫਸਲਾਂ 'ਤੇ MSP ਕਾਨੂੰਨ, ਕਿਸਾਨਾਂ 'ਤੇ ਦਰਜ ਕੇਸ, ਮ੍ਰਿਤਕ ਕਿਸਾਨਾਂ ਨੂੰ ਮੁਆਵਜ਼ੇ ਸਮੇਤ ਕਈ ਮੰਗਾਂ ਨੂੰ ਲੈ ਕੇ ਕਿਸਾਨ ਅਜੇ ਵੀ ਆਪਣਾ ਅੰਦੋਲਨ ਖਤਮ ਨਹੀਂ ਕਰ ਰਹੇ। ਇਸ ਬਾਰੇ ਅਗਲੀ ਰਣਨੀਤੀ ਲਈ ਚਾਰ ਦਸੰਬਰ ਨੂੰ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ। ਇਸ ਵਿੱਚ ਅੰਦੋਲਨ ਬਾਰੇ ਫੈਸਲਾ ਹੋਏਗਾ। ਸਰਕਾਰ ਵੱਲੋਂ ਵੀ 4 ਦਸੰਬਰ ਨੂੰ ਹੋਣ ਵਾਲੀ ਕਿਸਾਨਾਂ ਦੀ ਮੀਟਿੰਗ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।