ਨਵੀਂ ਦਿੱਲੀ: ਵਿਦੇਸ਼ ਆਉਣ-ਜਾਣ ਵਾਲਿਆਂ ਨੂੰ ਮੁੜ ਝਟਕਾ ਲੱਗਾ ਹੈ। ਭਾਰਤ ਸਰਕਾਰ ਨੇ 15 ਦਸੰਬਰ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਨਾ ਕਰਨ ਦਾ ਫ਼ੈਸਲਾ ਲਿਆ ਹੈ। ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਦੇ ਵਧਦੇ ਖ਼ਤਰੇ ਕਾਰਨ ਸਰਕਾਰ ਨੇ ਕੌਮਾਂਤਰੀ ਉਡਾਣਾਂ ਅਜੇ ਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਰੋਨਾ ਮਹਾਮਾਰੀ ਕਾਰਨ ਕੌਮਾਂਤਰੀ ਉਡਾਣਾਂ ਪਿਛਲੇ ਸਾਲ 23 ਮਾਰਚ ਤੋਂ ਮੁਅੱਤਲ ਹਨ। ਇਸ ਕਰਕੇ ਵਿਦੇਸ਼ ਆਉਣ-ਜਾਣ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Continues below advertisement


ਦੱਸ ਦਈਏ ਕਿ ਹਫ਼ਤਾ ਪਹਿਲਾਂ ਹੀ ਸਰਕਾਰ ਨੇ ਕਿਹਾ ਸੀ ਕਿ 15 ਦਸੰਬਰ ਤੋਂ ਸਾਰੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਹੋ ਜਾਣਗੀਆਂ। ਇਸ ਨਾਲ ਵਿਦੇਸ਼ ਆਉਣ-ਜਾਣ ਵਾਲਿਆਂ ਨੂੰ ਵੱਡਾ ਰਾਹਤ ਮਿਲੀ ਸੀ ਪਰ ਹੁਣ ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਦੇ ਵਧਦੇ ਖ਼ਤਰੇ ਕਾਰਨ ਸਰਕਾਰ ਨੇ ਕੌਮਾਂਤਰੀ ਉਡਾਣਾਂ ਅਜੇ ਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਕਿਹਾ ਕਿ ਉਡਾਣਾਂ ਸ਼ੁਰੂ ਕਰਨ ਦੀ ਨਵੀਂ ਤਰੀਕ ਬਾਅਦ ’ਚ ਨੋਟੀਫਾਈ ਕੀਤੀ ਜਾਵੇਗੀ।


ਹਾਸਲ ਜਾਣਕਾਰੀ ਮੁਤਾਬਕ 27 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਓਮੀਕਰੋਨ ਕਾਰਨ ਵਧ ਰਹੇ ਖ਼ਤਰੇ ਨੂੰ ਦੇਖਦਿਆਂ ਉਹ ਕੌਮਾਂਤਰੀ ਹਵਾਈ ਸਫ਼ਰ ’ਤੇ ਲਾਈਆਂ ਪਾਬੰਦੀਆਂ ਤੋਂ ਰੋਕ ਹਟਾਉਣ ਦੇ ਫ਼ੈਸਲੇ ਬਾਰੇ ਨਜ਼ਰਸਾਨੀ ਕਰਨ। ਡੀਜੀਸੀਏ ਨੇ ਸਰਕੁਲਰ ’ਚ ਕਿਹਾ ਕਿ ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਦੇ ਉਭਾਰ ਨਾਲ ਪੈਦਾ ਹੋਏ ਆਲਮੀ ਹਾਲਾਤ ’ਤੇ ਉਹ ਨੇੜਿਉਂ ਨਜ਼ਰ ਰੱਖ ਰਹੇ ਹਨ। ਉਂਜ ਦੇਸ਼ ’ਚ ਅਜੇ ਤੱਕ ਓਮੀਕਰੋਨ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਪਰ ਅਧਿਕਾਰੀਆਂ ਨੇ ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਸਖ਼ਤ ਨਿਯਮ ਬਣਾਏ ਹਨ।


ਉਧਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਜੋਖਮ ਸੂਚੀ ਤੋਂ ਬਾਹਰ ਵਾਲੇ ਮੁਲਕਾਂ ਤੋਂ ਆਉਣ ਵਾਲੇ ਦੋ ਫ਼ੀਸਦੀ ਮੁਸਾਫ਼ਰ ਕਰੋਨਾ ਦੇ ਨਮੂਨੇ ਦੇ ਕੇ ਹਵਾਈ ਅੱਡੇ ਤੋਂ ਬਾਹਰ ਜਾ ਸਕਦੇ ਹਨ। ਓਮੀਕਰੋਨ ਦੇ ਫੈਲ ਰਹੇ ਖ਼ਤਰੇ ਕਾਰਨ ਭਾਰਤ ’ਚ ਕੌਮਾਂਤਰੀ ਮੁਸਾਫ਼ਰਾਂ ਲਈ ਮੰਗਲਵਾਰ ਅੱਧੀ ਰਾਤ ਤੋਂ ਸਖ਼ਤ ਨੇਮ ਲਾਗੂ ਹੋ ਗਏ ਹਨ। ਜੋਖਮ ਵਾਲੇ ਮੁਲਕਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਕੋਵਿਡ ਟੈਸਟ ਕਰਾਉਣਾ ਲਾਜ਼ਮੀ ਹੋਵੇਗਾ।


ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੀ ਸੂਚੀ ਜਾਰੀ ਕਰਦਿਆਂ ਮੰਤਰਾਲੇ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦੋ ਫ਼ੀਸਦ ਮੁਸਾਫ਼ਰਾਂ ਦੇ ਰੈਂਡਮ ਨਮੂਨੇ ਲਏ ਜਾਣਗੇ ਤੇ ਉਨ੍ਹਾਂ ਨੂੰ ਖੁਦ ਹੀ ਟੈਸਟ ਦੇ ਪੈਸੇ ਦੇਣੇ ਪੈਣਗੇ। ਬਿਆਨ ਮੁਤਾਬਕ ਜਿਸ ਵਿਅਕਤੀ ਨੇ ਜੋਖਮ ਵਾਲੇ ਮੁਲਕਾਂ ਦੀ ਪਿਛਲੇ 14 ਦਿਨਾਂ ’ਚ ਯਾਤਰਾ ਕੀਤੀ ਹੈ, ਉਸ ਨੂੰ ਇਥੇ ਆਉਣ ’ਤੇ ਟੈਸਟ ਕਰਾਉਣ ਦੇ ਨਾਲ ਨਾਲ ਹੋਰ ਨੇਮਾਂ ਦੀ ਵੀ ਪਾਲਣਾ ਕਰਨੀ ਹੋਵੇਗੀ।



ਇਹ ਵੀ ਪੜ੍ਹੋ: Punjab and Delhi Education System: ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਪੁੱਠੀ ਪਈ ਕੇਜਰੀਵਾਲ ਸਰਕਾਰ ਨੂੰ ਚੁਣੌਤੀ, ਲਿਸਟ ਜਾਰੀ ਹੋਣ ਮਗਰੋਂ ਬੈਕਫੁੱਟ 'ਤੇ ਆਏ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904