ਚੰਡੀਗੜ੍ਹ: ਦਿੱਲੀ ਤੇ ਪੰਜਾਬ ਦੇ ਸਿੱਖਿਆ ਪ੍ਰਬੰਧਾਂ ਦੇ ਮੁਕਾਬਲੇ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਬੈਕਫੁੱਟ 'ਤੇ ਆ ਗਏ ਹਨ। ਉਨ੍ਹਾਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਚੁਣੌਤੀ ਸਵੀਕਾਰ ਕਰਨ ਤੋਂ ਟਾਲਾ ਵੱਟ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਹੱਦੀ ਸੂਬੇ ਪੰਜਾਬ ਦਾ ਕੌਮੀ ਰਾਜਧਾਨੀ ਨਾਲ ਮੁਕਾਬਲਾ ਕਰਨਾ ਹੀ ਗ਼ਲਤ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਦਕਿ ਦਿੱਲੀ ਇੱਕ ਨਗਰ ਨਿਗਮ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦਾ ਮੁਕਾਬਲਾ ਹੀ ਤਰਕਸੰਗਤ ਨਹੀਂ।
ਦੱਸ ਦਈਏ ਕਿ ਪਹਿਲਾਂ ਪਰਗਟ ਸਿੰਘ ਨੇ ਦਿੱਲੀ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਸਬੰਧੀ ਸਿੱਖਿਆ ਮਾਡਲ ’ਤੇ ਬਹਿਸ ਕਰਨ ਦੀ ਚੁਣੌਤੀ ਕਬੂਲ ਕੀਤੀ ਸੀ। ਇਸ ਮਗਰੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 250 ਸਕੂਲਾਂ ਦੀ ਲਿਸਟ ਜਾਰੀ ਕਰਕੇ ਪਰਗਟ ਸਿੰਘ ਤੋਂ ਵੀ 250 ਸਕੂਲਾਂ ਦੀ ਸੂਚੀ ਮੰਗੀ ਸੀ। ਇਸ ਮਗਰੋਂ ਪੰਜਾਬ ਦੇ ਸਿੱਖਿਆ ਮੰਤਰੀ ਬੈਕਫੁੱਟ ਉੱਪਰ ਆ ਗਏ ਹਨ।
ਉਂਝ, ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦਿੱਲੀ ਦੇ ਸਿੱਖਿਆ ਪ੍ਰਬੰਧਾਂ ਬਾਰੇ ਵੀ ਵੱਡੇ ਸਵਾਲ ਉਠਾਏ ਹਨ। ਪਰਗਟ ਸਿੰਘ ਨੇ ਸਵਾਲ ਕੀਤਾ ਕਿ ਦਿੱਲੀ ਦੇ 1060 ਵਿੱਚੋਂ 760 ਸਕੂਲਾਂ ਵਿੱਚ ਪ੍ਰਿੰਸੀਪਲ ਤੇ 1844 ਵਿੱਚੋਂ 479 ਸਕੂਲਾਂ ਵਿੱਚ ਵਾਈਸ ਪ੍ਰਿੰਸੀਪਲ ਦੀਆਂ ਆਸਾਮੀਆਂ ਖਾਲੀ ਕਿਉਂ ਹਨ? ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦਿੱਲੀ ਦੇ ਸਕੂਲਾਂ ਵਿੱਚ 41 ਫੀਸਦ ਨਾਨ-ਟੀਚਿੰਗ ਸਟਾਫ਼ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ।
ਉਨ੍ਹਾ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਪੰਜਾਬ ਦੇ ਕਰੀਬ 13 ਹਜ਼ਾਰ ਸਕੂਲਾਂ ਦੇ 41 ਹਜ਼ਾਰ ਕਮਰਿਆਂ ਨੂੰ ਸਮਾਰਟ ਕਲਾਸ ਰੂਮ ਬਣਾਇਆ ਗਿਆ ਹੈ, ਜਦਕਿ ਦਿੱਲੀ ਵਿੱਚ ਕੁੱਲ ਸਕੂਲਾਂ ਦੀ ਗਿਣਤੀ ਹੀ ਇੱਕ ਹਜ਼ਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ 24:1 ਹੈ, ਜਦਕਿ ਦਿੱਲੀ ’ਚ ਇਹ ਅਨੁਪਾਤ 35:1 ਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਕਾਰਨ ਹੀ ਪੰਜਾਬ ਕੌਮੀ ਦਰਜਾਬੰਦੀ (ਪੀਜੀਆਈ) ਵਿੱਚ 2021 ਦੌਰਾਨ ਪਹਿਲੇ ਨੰਬਰ ’ਤੇ ਆਇਆ ਹੈ, ਜਦਕਿ ਦਿੱਲੀ ਛੇਵੇਂ ਨੰਬਰ ’ਤੇ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਪਿਛਲੇ 3 ਸਾਲਾਂ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਤੇ ਸਰਬ ਸਿੱਖਿਆ ਅਭਿਆਨ ਦੇ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਇੱਕ ਵੀਡੀਓ ਵਾਈਰਲ ਹੋਣ ਮਗਰੋਂ ਮਮਤਾ ਬੈਨਰਜੀ 'ਤੇ ਭੜਕੀ ਭਾਜਪਾ, ਵੀਡੀਓ ਵੇਖ ਜਾਣੋ ਸਾਰਾ ਮਾਮਲਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Education Loan Information:
Calculate Education Loan EMI