ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਚਾਹੇ 30 ਦਸੰਬਰ ਨੂੰ ਮੀਟਿੰਗ ਬੁਲਾ ਲਈ ਹੈ ਪਰ ਕਿਸਾਨਾਂ ਨੇ ਅਗਲੀ ਰਣਨੀਤੀ ਬਣਾ ਲਈ ਹੈ। ਅੱਜ ਕਿਸਾਨਾਂ ਦੇ ਦਿੱਲੀ ਅੰਦੋਲਨ ਨੂੰ 33 ਦਿਨ ਹੋ ਗਏ ਹਨ। ਕਿਸਾਨਾਂ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਡਟਿਆ ਹੋਇਆ ਹੈ। ਇਸ ਦੌਰਾਨ ਸੋਮਵਾਰ ਨੂੰ ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ।


ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ, "ਅੰਦੋਲਨ ਨੂੰ ਹੁਣ ਹੋਰ ਤੇਜ਼ ਕੀਤਾ ਜਾਏਗਾ। ਅਸੀਂ ਹੁਣ 30 ਮਾਰਚ ਨੂੰ ਟਰੈਕਟਰ ਮਾਰਚ ਕੱਢਾਂਗੇ। ਕੇਂਦਰ ਵੱਲੋਂ ਸੋਧ ਕਰਨ ਨਾਲ ਖੇਤੀ ਕਾਨੂੰਨਾਂ ਤੇ ਕੋਈ ਅਸਰ ਨਹੀਂ ਪਵੇਗਾ। ਕਾਨੂੰਨ ਜਾਰੀ ਰਹਿਣਗੇ ਤੇ ਇਸ ਨਾਲ ਸੋਧ ਦਾ ਵੀ ਕੋਈ ਮਤਲਬ ਨਹੀਂ। ਨਵੇਂ ਕਾਨੂੰਨ ਆਜ਼ਾਦੀ ਤੇ ਸੁਰੱਖਿਆ ਦੀ ਗੱਲ ਕਰਦੇ ਹਨ, ਪਰ ਇਹ ਦੋਨੋਂ ਚੀਜ਼ਾਂ ਕਿਸਾਨਾਂ ਨੇ ਸਰਕਾਰ ਤੋਂ ਕਦੋਂ ਮੰਗੀਆਂ ਹਨ ਜੋ ਸਰਕਾਰ ਸੋਧ ਕਹਿ ਰਹੀ ਹੈ, ਉਹ ਕਿਸਾਨਾਂ ਦੀ ਮੰਗ ਹੈ ਹੀ ਨਹੀਂ।"

ਉਨ੍ਹਾਂ ਅੱਗੇ ਕਿਹਾ, "ਅਸੀਂ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਵਾਪਸ ਨਹੀਂ ਜਾਵਾਂਗੇ। ਗੱਲ ਜਿੱਥੇ ਪਹਿਲਾਂ ਖੜ੍ਹੀ ਸੀ ਉਥੇ ਹੀ ਖੜ੍ਹੀ ਹੈ। ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ, "ਸੱਤ ਸੰਗਠਨਾਂ ਦੀ ਅੱਜ ਮੀਟਿੰਗ ਹੋਈ ਹੈ। ਉਤਰਾਖੰਡ ਦੇ ਕਿਸਾਨਾਂ ਨੇ ਮੋਰਚੇ 'ਚ ਸ਼ਾਮਲ ਹੋਣ ਲਈ ਪੁਲਿਸ ਤੇ ਸਾਰੇ ਨਾਕੇ ਤੋੜ ਦਿੱਤੇ। ਉਤਰਾਖੰਡ ਸਰਕਾਰ ਕਿਸਾਨਾਂ ਨੂੰ ਇਸ ਢੰਗ ਨਾਲ ਪ੍ਰੇਸ਼ਾਨ ਕਰਨਾ ਬੰਦ ਕਰੇ।"

ਉਨ੍ਹਾਂ ਕਿਹਾ, "ਗ੍ਰਹਿ ਮੰਤਰੀ ਕਹਿੰਦੇ ਹਨ ਕਿ ਕਿਸਾਨ ਗੁੰਮਰਾਹ ਹਨ, ਪਰ ਉਤਰਾਖੰਡ ਤੇ ਹਰਿਆਣਾ 'ਚ ਤਾਂ ਬੀਜੇਪੀ ਦੀ ਸਰਕਾਰ ਹੈ ਫੇਰ ਉਥੋਂ ਕਿਸਾਨ ਕਿਉਂ ਆ ਰਹੇ ਹਨ।" ਪੰਧੇਰ ਨੇ ਅੱਗੇ ਕਿਹਾ, "ਗੁੰਮਰਾਹ ਕੌਣ ਕਰ ਰਿਹਾ ਹੈ ਸਰਕਾਰ ਇਹ ਗੱਲ ਖੁਦ ਆਪ ਸੋਚ ਲਵੇ।" ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ "ਲੋਕ ਨਵਾਂ ਸਾਲ ਉਨ੍ਹਾਂ ਨਾਲ ਦਿੱਲੀ ਬਾਰਡਰ ਤੇ ਆ ਕੇ ਮਨਾਉਣ।" ਪੰਧੇਰ ਨੇ ਇਹ ਖਦਸ਼ਾ ਜ਼ਾਹਿਰ ਕਰਦੇ ਹੋਏ ਕਿਹਾ, "ਸਰਕਾਰ ਦੇ ਰਵੱਈਏ ਤੋਂ ਇੰਝ ਲੱਗਦਾ ਹੈ ਕਿ ਸਰਕਾਰ ਗੱਲ ਮੰਨਣ ਲਈ ਤਿਆਰ ਨਹੀਂ। ਇਸ ਲਈ ਸੰਗਠਨ ਇਹੀ ਮਨ ਕੇ ਚੱਲ ਰਹੇ ਹਨ ਕਿ ਅੰਦੋਲਨ ਲੰਬਾ ਚੱਲੇਗਾ।"