ਕਾਂਗਰਸ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ’ਤੇ ਰਾਹੁਲ ਗਾਂਧੀ ਦੇ ਵਿਦੇਸ਼ ’ਚ ਹੋਣ ’ਤੇ ਭਾਜਪਾ ਨੇ ਵਿਅੰਗ ਕੱਸਿਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਾਂਗਰਸ ਇੱਧਰ ਆਪਣਾ 136ਵਾਂ ਸਥਾਪਨਾ ਦਿਵਸ ਮਨਾ ਰਹੀ ਹੈ ਤੇ ਰਾਹੁਲ ਜੀ ‘9 2 11’ ਹੋ ਗਏ ਹਨ।




ਜਵਾਬ ’ਚ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਨਾਨੀ ਨੂੰ ਮਿਲਣ ਲਈ ਗਏ ਹਨ; ਇਸ ਵਿੱਚ ਕੀ ਗ਼ਲਤ ਹੈ? ਹਰੇਕ ਨੂੰ ਨਿਜੀ ਯਾਤਰਾ ਕਰਨ ਦਾ ਅਧਿਕਾਰ ਹੈ। ਭਾਜਪਾ ਘਟੀਆ ਸਿਆਸਤ ਕਰ ਰਹੀ ਹੈ ਤੇ ਸਿਰਫ਼ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।




ਕਾਂਗਰਸ ਦੇ ਸਥਾਪਨਾ ਦਿਵਸ ਸਮਾਰੋਹ ਮੌਕੇ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਰਾਹੁਲ ਕੁਝ ਦਿਨਾਂ ਲਈ ਨਿੱਜੀ ਦੌਰੇ ’ਤੇ ਹਨ ਤੇ ਉਹ ਛੇਤੀ ਹੀ ਪਰਤ ਆਉਣਗੇ। ਪ੍ਰਿਅੰਕਾ ਗਾਂਧੀ ਨੇ ਮੀਡੀਆ ਦੇ ਸੁਆਲਾਂ ਦਾ ਕੋਈ ਜਵਾਬ ਨਹੀਂ ਦਿੱਤਾ।




ਇੱਕ ਹੋਰ ਸੀਨੀਅਰ ਕਾਂਗਰਸੀ ਆਗੂ ਸਲਮਾਨ ਖ਼ੁਰਸ਼ੀਦ ਨੇ ਕਿਹਾ ਕਿ ਉਨ੍ਹਾਂ ਦੇ ਨਾ ਹੋਣ ਦੇ 101 ਕਾਰਨ ਹੋ ਸਕਦੇ ਹਨ, ਸਾਨੂੰ ਕੋਈ ਕਿਆਸ-ਅਰਾਈਆਂ ਨਹੀਂ ਲਾਉਣੀਆਂ ਚਾਹੀਦੀਆਂ। ਸੰਸਦ ਦੇ ਸੈਸ਼ਨ ਦੌਰਾਨ ਰਾਹੁਲ ਤੇ ਸੋਨੀਆ ਗਾਂਧੀ ਵਿਦੇਸ਼ ਤੋਂ ਪਰਤੇ ਸਨ। ਤਦ ਭਾਜਪਾ ਦੇ ਸੰਸਦ ਮੈਂਬਰਾਂ ਨੇ ਕਿਹਾ ਸੀ ਕਿ ਰਾਹੁਲ ਤੇ ਸੋਨੀਆ ਦਾ ਕੋਰੋਨਾ ਟੈਸਟ ਹੋਣਾ ਚਾਹੀਦਾ ਹੈ ਕਿਉਂਕਿ ਦੋਵੇਂ ਇਟਲੀ ਤੋਂ ਪਰਤੇ ਹਨ ਤੇ ਛੂਤ ਫੈਲਾ ਸਕਦੇ ਹਨ।