ਚੰਡੀਗੜ੍ਹ: ਹੁਣ ਲੋਕ ਨਿਵੇਸ਼ ਲਈ ਬਾਜ਼ਾਰੀ ਕੀਮਤ ਤੋਂ ਸਸਤਾ ਸੋਨਾ ਵੀ ਖ਼ਰੀਦ ਸਕਦੇ ਹਨ। ਉਹ ਇਸ ਲਈ ਸਰਕਾਰ ਦੀ ‘ਸੌਵਰੇਨ ਗੋਲਡ ਬੌਂਡ ਸਕੀਮ’ ਉੱਤੇ ਪੈਸਾ ਲਾ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ ਦੀ ਇਸ ਸਰਕਾਰੀ ਬਾਂਡ ਯੋਜਨਾ 2020-21 ਸੀਰੀਜ਼-9 ਵਿੱਚ ਅੱਜ 28 ਦਸੰਬਰ ਤੋਂ ਲੋਕ ਨਿਵੇਸ਼ ਕਰ ਸਕਦੇ ਹਨ ਤੇ ਇਹ ਸੀਰੀਜ਼ ਇੱਕ ਜਨਵਰੀ, 2021 ਨੂੰ ਬੰਦ ਹੋ ਜਾਵੇਗੀ।

ਇਸ ਅਧੀਨ ਸੋਨੇ ਦੀ ਕੀਮਤ 5,000 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਗਈ ਹੈ; ਜੋ 10 ਗ੍ਰਾਮ ਭਾਵ ਇੱਕ ਤੋਲ਼ਾ ਦੀ ਕੀਮਤ 50,000 ਰੁਪਏ ਹੋਵੇ, ਜੋ ਸੋਨੇ ਦੀ ਬਾਜ਼ਾਰੀ ਕੀਮਤ ਤੋਂ ਘੱਟ ਹੈ। ਸਰਕਾਰ ਨੇ ਕੇਂਦਰੀ ਬੈਂਕ ਨਾਲ ਵਿਚਾਰ-ਵਟਾਂਦਰਾ ਕਰਕੇ ਆਨਲਾਈਨ ਅਰਜ਼ੀ ਦੇਣ ਤੇ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਨ ’ਤੇ ਨਿਵੇਸ਼ਕਾਂ ਨੂੰ ਪ੍ਰਤੀ ਗ੍ਰਾਮ 50 ਰੁਪਏ ਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ।

ਇਸ ਬਾਂਡ ਵਿੱਚ ਨਿਵੇਸ਼ ਦੀ ਮਿਆਦ ਅੱਠ ਵਰ੍ਹੇ ਹੈ। ਪੰਜਵੇਂ ਸਾਲ ਤੋਂ ਯੋਜਨਾ ਵਿੱਚੋਂ ਵਿਆਜ ਭੁਗਤਾਨ ਦੀ ਤਰੀਕ ਤੋਂ ਬਾਹਰ ਨਿੱਕਲਣ ਦਾ ਵਿਕਲਪ ਉਪਲਬਧ ਹੈ। ਬਾਂਡ ਦੀ ਵਿਕਰੀ ਵਿਅਕਤੀਗਤ ਤੌਰ ਉੱਤੇ ਇੱਥੋਂ ਦੇ ਨਿਵਾਸੀਆਂ, ਹਿੰਦੂ, ਅਣਵੰਡੇ ਪਰਿਵਾਰ, ਟਰੱਸਟ, ਯੂਨੀਵਰਸਿਟੀ ਤੇ ਚੈਰੀਟੇਬਲ ਜਥੇਬੰਦੀਆਂ ਨੂੰ ਹੀ ਕੀਤੀ ਜਾਵੇਗੀ।

ਇਸ ਯੋਜਨਾ ਅਧੀਨ ਹਰ ਸਾਲ ਘੱਟੋ-ਘੱਟ ਇੱਕ ਗ੍ਰਾਮ ਸੋਨੇ ਤੇ ਵੱਧ ਤੋਂ ਵੱਧ ਚਾਰ ਕਿਲੋਗ੍ਰਾਮ ਸੋਨੇ ਲਈ ਧਨ ਨਿਵੇਸ਼ ਕੀਤਾ ਜਾ ਸਕਦਾ ਹੈ। ਟਰੱਸਟ ਤੇ ਹੋਰ ਇਕਾਈ ਹਰ ਸਾਲ 20 ਕਿਲੋਗ੍ਰਾਮ ਸੋਨੇ ਵਿੱਚ ਧਨ ਲਾ ਸਕਦੀਆਂ ਹਨ। ਸੋਨੇ ਦੇ ਬਾਂਡ ਦੀ ਵਿਕਰੀ ਬੈਂਕਾਂ, ਸਟਾੱਕ ਹੋਲਡਿੰਗ ਕਾਰਪੋਰੇਸ਼ਨ ਆਫ਼ ਇੰਡੀਆ, ਡਾਕਘਰਾਂ ਤੇ ਮਾਨਤਾ ਪ੍ਰਾਪਤ ਸ਼ੇਅਰ ਬਾਜ਼ਾਰਾਂ ਰਾਹੀਂ ਕੀਤੀ ਜਾਵੇਗੀ।