Nayab Singh Saini: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ 2 ਦਿਨਾਂ ਦੇ ਅੰਦਰ ਦੋ ਬਿਆਨ ਸੁਰਖੀਆਂ ਵਿੱਚ ਆ ਗਏ ਹਨ। ਸ਼ੁੱਕਰਵਾਰ ਨੂੰ ਫਤਿਹਾਬਾਦ ਦੇ ਰਤੀਆ 'ਚ ਇਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਬਦਮਾਸ਼ ਕਿਹਾ। ਇਸ ਤੋਂ ਬਾਅਦ ਫਰੀਦਾਬਾਦ 'ਚ ਪਾਰਟੀ ਦੇ ਸਥਾਪਨਾ ਦਿਵਸ ਦੇ ਪ੍ਰੋਗਰਾਮ 'ਚ ਉਨ੍ਹਾਂ ਨੇ ਸੂਬੇ ਦੇ ਅਪਰਾਧੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਫੋਨ ‘ਤੇ ਧਮਕੀਆਂ ਦੇਣ ਅਤੇ ਪੈਸੇ ਮੰਗਣ ਵਾਲੇ ਬਦਮਾਸ਼ਾਂ ਆਪਣੇ ਆਪ ਨੂੰ ਸੁਧਾਰੋ ਨਹੀਂ ਤਾਂ ਯੂਪੀ ਵਰਗਾ ਇਲਾਜ ਕਰਾਂਗੇ।



ਦਰਅਸਲ ਰਤੀਆ 'ਚ ਇਕ ਪ੍ਰੋਗਰਾਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਸਾਨਾਂ ਦੇ ਵਿਰੋਧ 'ਤੇ ਕਿਹਾ ਕਿ ਸਰਕਾਰ ਨੇ ਸਾਡੇ ਬੇਕਾਬੂ ਕਿਸਾਨਾਂ ਨਾਲ ਗੱਲ ਕਰਨ ਲਈ ਮੰਤਰੀਆਂ ਨੂੰ ਵੀ ਭੇਜਿਆ ਹੈ। ਹੁਣ ਵੀ ਸਰਕਾਰ ਉਨ੍ਹਾਂ ਨਾਲ ਗੱਲ ਕਰ ਰਹੀ ਹੈ। ਸਰਕਾਰ ਕਿਸਾਨਾਂ ਦੀ ਸ਼ੁਭਚਿੰਤਕ ਹੈ, ਦੁਸ਼ਮਣ ਨਹੀਂ।


ਇਸੇ ਤਰ੍ਹਾਂ ਫਰੀਦਾਬਾਦ 'ਚ ਇਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ, ''ਹਰਿਆਣਾ 'ਚ ਗੁੰਡਾਗਰਦੀ ਕਰਨ ਵਾਲੇ, ਲੋਕਾਂ ਨੂੰ ਫੋਨ 'ਤੇ ਧਮਕੀਆਂ ਦੇਣ ਵਾਲਿਆਂ ਨੂੰ ਸੁਧਰਨ ਦੀ ਅਪੀਲ ਕੀਤੀ । ਨਹੀਂ ਤਾਂ ਇਹ ਸੁਧਾਰ ਅਸੀਂ ਹੀ ਕਰਾਂਗੇ, ਹੋਰ ਕੋਈ ਨਹੀਂ ਕਰੇਗਾ। ਮੈਂ ਇਹ ਇਸ ਪਲੇਟਫਾਰਮ ਤੋਂ ਕਹਿ ਰਿਹਾ ਹਾਂ''।


ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਦੇ ਕਨਵੀਨਰ ਮਨਦੀਪ ਸਿੰਘ ਨੱਥਵਾਨ ਨੇ ਦੋਸ਼ ਲਾਇਆ ਕਿ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਰਤੀਆ ਦੀ ਅਨਾਜ ਮੰਡੀ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਆਏ ਸਨ। ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਸਟੇਜ ਤੋਂ ਹੇਠਾਂ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਸਾਨਾਂ ਨੂੰ ਬਦਮਾਸ਼ ਕਿਹਾ। ਇਹ ਦੇਸ਼ ਦੇ ਅੰਨਦਾਤਾ ਦਾ ਵੀ ਅਪਮਾਨ ਹੈ। ਇਸ ਕਾਰਨ ਜਿੱਥੇ ਕਿਸਾਨਾਂ ਵਿੱਚ ਰੋਸ ਹੈ, ਉੱਥੇ ਹੀ ਦੇਸ਼ ਅਤੇ ਸੂਬੇ ਦੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਕਿਸਾਨ ਆਗੂ ਮਨਦੀਪ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ। ਇਸ ਲਈ ਸਿਟੀ ਥਾਣਾ ਇੰਚਾਰਜ ਨੂੰ ਮੁੱਖ ਮੰਤਰੀ ਕੋਲ ਭੇਜਿਆ ਜਾਵੇ। ਕਿਸਾਨਾਂ ਪ੍ਰਤੀ ਅਜਿਹੇ ਸ਼ਬਦ ਵਰਤਣ ਵਾਲੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਸਿਟੀ ਥਾਣਾ ਇੰਚਾਰਜ ਨੂੰ ਸ਼ਿਕਾਇਤ ਦਿੱਤੀ ਗਈ ਹੈ। ਜੇਕਰ ਕਾਰਵਾਈ ਨਾ ਹੋਈ ਤਾਂ ਕਿਸਾਨ ਧਰਨਾ ਦੇਣ ਲਈ ਮਜਬੂਰ ਹੋਣਗੇ।


ਤੁਹਾਨੂੰ ਦੱਸ ਦੇਈਏ ਕਿ ਸੂਬੇ ਦੇ ਕਿਸਾਨ ਭਾਜਪਾ ਨੇਤਾਵਾਂ ਤੋਂ ਨਾਰਾਜ਼ ਹਨ। ਇਸ ਲਈ ਚੋਣ ਪ੍ਰਚਾਰ ਜਾਂ ਹੋਰ ਪ੍ਰੋਗਰਾਮਾਂ ਲਈ ਵੱਖ-ਵੱਖ ਖੇਤਰਾਂ ਵਿੱਚ ਪਹੁੰਚਣ ਵਾਲੇ ਆਗੂਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੂੰ ਕਾਲੇ ਝੰਡੇ ਦਿਖਾਏ ਜਾ ਰਹੇ ਹਨ। ਹਾਲ ਹੀ 'ਚ ਇਕ ਪ੍ਰੋਗਰਾਮ ਲਈ ਹਿਸਾਰ ਪਹੁੰਚੇ ਭਾਜਪਾ ਲੋਕ ਸਭਾ ਉਮੀਦਵਾਰ ਰਣਜੀਤ ਚੌਟਾਲਾ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਰੋਹਤਕ ਵਿੱਚ ਸੰਸਦ ਮੈਂਬਰ ਅਰਵਿੰਦ ਸ਼ਰਮਾ ਨੂੰ ਕਾਲੇ ਝੰਡੇ ਦਿਖਾਏ ਗਏ। ਲੋਕਾਂ ਨੇ ਸੋਨੀਪਤ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਮੋਹਨ ਬਡੋਲੀ ਖਿਲਾਫ ਵੀ ਗੁੱਸਾ ਜ਼ਾਹਰ ਕੀਤਾ ਸੀ।