ਨਵੀਂ ਦਿੱਲੀ: ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਖਿਲਾਫ ਅੱਜ 58ਵੇਂ ਦਿਨ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਿਹਾ। ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਸਰਕਾਰ ਵੱਲੋਂ ਰੱਖੇ ਗਏ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ। ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਸਾਰੇ ਕਿਸਾਨਾਂ ਲਈ ਸਾਰੀਆਂ ਫਸਲਾਂ 'ਤੇ ਲਾਹੇਵੰਦ ਐਮਐਸਪੀ ਲਈ ਇਕ ਕਾਨੂੰਨ ਲਾਗੂ ਕਰਨ ਨੂੰ ਇਸ ਅੰਦੋਲਨ ਦੀਆਂ ਮੁੱਖ ਮੰਗਾਂ ਵਜੋਂ ਦੁਹਰਾਇਆ ਗਿਆ। ਦਰਅਅਸਲ ਕੇਂਦਰ ਨੇ 20 ਜਨਵਰੀ ਨੂੰ ਕਿਸਾਨਾਂ ਨਾਲ ਹੋਈ ਮੀਟਿੰਗ 'ਚ ਡੇਢ ਸਾਲ ਤਕ ਖੇਤੀ ਕਾਨੂੰਨ ਰੋਕ ਕੇ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਅੱਜ ਨਾਮਨਜੂਰ ਕਰਨ ਦਾ ਫੈਸਲਾ ਲੈ ਲਿਆ ਹੈ।
ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਵਿਚ ਹੁਣ ਤੱਕ ਸ਼ਹੀਦ ਹੋਏ 147 ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਿਸਾਨ ਲੀਡਰਾਂ ਨੇ ਕਿਹਾ ਪੁਲਿਸ ਪ੍ਰਸ਼ਾਸਨ ਨਾਲ ਹੋਈ ਬੈਠਕ ਵਿਚ ਪੁਲਿਸ ਨੇ ਮੰਗ ਕੀਤੀ ਕਿ ਕਿਸਾਨ ਪਰੇਡ ਰਿੰਗ ਰੋਡ 'ਤੇ ਨਾ ਕੀਤੀ ਜਾਵੇ। ਕਿਸਾਨਾਂ ਨੇ ਪੂਰੇ ਜ਼ੋਰ ਨਾਲ ਇਹ ਗੱਲ ਰੱਖੀ ਕਿ ਪਰੇਡ ਰਿੰਗ ਰੋਡ 'ਤੇ ਹੀ ਹੋਵੇਗੀ। ਇਸ ਬਾਰੇ ਪੁਲਿਸ ਨਾਲ ਮੀਟਿੰਗ ਕੱਲ ਹੋਵੇਗੀ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਪ੍ਰੈਸ ਨੋਟ ਚ ਕਿਹਾ ਗਿਆ ਕਿ ਇਹ ਸ਼ਾਂਤਮਈ ਅੰਦੋਲਨ ਹੁਣ ਦੇਸ਼ ਵਿਆਪੀ ਬਣ ਚੁੱਕਿਆ ਹੈ। ਗਣਤੰਤਰ ਦਿਵਸ ਲਈ ਕਿਸਾਨ ਕਰਨਾਟਕ ਵਿਚ ਕਈ ਥਾਵਾਂ 'ਤੇ ਵਾਹਨ ਰੈਲੀਆਂ ਕਰਕੇ ਇਕਜੁੱਟ ਹੋ ਰਹੇ ਹਨ। ਕੇਰਲ ਵਿੱਚ ਕਈ ਥਾਵਾਂ 'ਤੇ ਕਿਸਾਨ ਟਰੈਕਟਰ ਮਾਰਚ ਕਰ ਰਹੇ ਹਨ।
ਉੱਤਰਾਖੰਡ ਦੇ ਬਿਲਾਸਪੁਰ ਅਤੇ ਰਾਮਪੁਰ ਵਿੱਚ ਟਰੈਕਟਰ ਮਾਰਚ ਕਰਕੇ ਕਿਸਾਨ ਦਿੱਲੀ ਵਿੱਚ 'ਕਿਸਾਨ ਪਰੇਡ' ਦੀ ਤਿਆਰੀ ਕਰ ਰਹੇ ਹਨ। ਛੱਤੀਸਗੜ੍ਹ ਦੇ ਕਿਸਾਨ 23 ਜਨਵਰੀ ਨੂੰ ਰਾਜ ਭਵਨ ਦਾ ਘਿਰਾਓ ਕਰਨਗੇ ਅਤੇ ਇਕ ਜੱਥਾ ਵੀ ਦਿੱਲੀ ਲਈ ਰਵਾਨਾ ਹੋਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ