ਚੰਡੀਗੜ੍ਹ: ਹਰਿਆਣਾ ਸਰਕਾਰ ਦੀ ਸਖਤੀ ਨੇ ਕਿਸਾਨ ਅੰਦੋਲਨ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ। ਸ਼ਨੀਵਾਰ ਨੂੰ ਕਰਨਾਲ (ਹਰਿਆਣਾ) ਦੇ ਬਸਤਾੜਾ ਟੌਲ ਪਲਾਜ਼ਾ ’ਤੇ ਕਿਸਾਨਾਂ ਉੱਪਰ ਲਾਠੀਚਾਰਜ ਮਗਰੋਂ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਉਧਰ, ਸੰਯੁਕਤ ਕਿਸਾਨ ਮੋਰਚੇ ਨੇ ਵੀ ਸਰਗਰਮੀ ਤੇਜ ਕਰ ਦਿੱਤਾ ਹੈ।


ਮੰਨਿਆ ਜਾ ਰਿਹਾ ਹੈ ਕਿ ਪੰਜ ਸਤੰਬਰ ਨੂੰ ਮਜੱਫਰਨਗਰ ਰੈਲੀ ਤੋਂ ਪਹਿਲਾਂ ਹਰਿਆਣਾ ਸਰਕਾਰ ਦੀ ਸਖਤੀ ਨੇ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਮਜੱਫਰਨਗਰ ਵਿੱਚ ਅਜਿਹੀ ਕਿਸਾਨ ਰੈਲੀ ਹੋਏਗੀ, ਜਿਸ ਦੀ ਸੱਤਾਧਿਰ ਨੇ ਕਲਪਣਾ ਵੀ ਨਹੀਂ ਕੀਤੀ ਹੋਏਗੀ। ਇਸ ਰੈਲੀ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਦੇ ਵਿਰੋਧ ਦੀ ਮੁਹਿੰਮ ਵਿੱਢੀ ਜਾਣੀ ਹੈ। ਇਸ ਲਈ ਬੀਜੇਪੀ ਨੇ ਆਪ ਹੀ ਆਪਣੇ ਪੈਰਾਂ ਉੱਪਰ ਕੁਹਾੜੀ ਮਾਰ ਲਈ ਹੈ।


ਸੂਤਰਾਂ ਦਾ ਕਹਿਣਾ ਹੈ ਕਿ ਕਰਨਾਲ ਵਿੱਚ ਲਾਠੀਚਾਰਜ ਮਗਰੋਂ ਕਿਸਾਨਾਂ ਵਿੱਚ ਬੀਜੇਪੀ ਪ੍ਰਤੀ ਗੁੱਸਾ ਸਿਖਰਾਂ 'ਤੇ ਪਹੁੰਚ ਗਿਆ ਹੈ। ਇਸ ਲਈ ਵੱਡੀ ਗਿਣਤੀ ਕਿਸਾਨ ਮਜੱਫਰਨਗਰ ਰੈਲੀ ਵਿੱਚ ਸ਼ਮੂਲੀਅਤ ਕਰਨਗੇ। ਇਸ ਰੈਲੀ ਨਾਲ ਅੰਦੋਲਨ ਉੱਤਰ ਪ੍ਰਦੇਸ਼ ਵਿੱਚ ਵੀ ਪ੍ਰਚੰਡ ਰੂਪ ਧਾਰ ਸਕਦੇ ਹੈ ਜਿਸ ਦਾ ਬੀਜੀਪੀ ਨੂੰ ਚੋਣਾਂ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ।


ਉਧਰ, ਕਰਨਾਲ ਲਾਠੀਚਾਰਜ ਮਗਰੋਂ ਹਰਿਆਣ ਸਰਕਾਰ ਖੁਦ ਵੀ ਕਸੂਤੀ ਘਿਰ ਗਈ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ‘ਕਿਸਾਨਾਂ ਦੇ ਸਿਰ ਭੰਨ ਦੇਣ’ ਦਾ ਹੁਕਮ ਦੇਣ ਵਾਲੇ ਆਈਏਐਸ ਅਧਿਕਾਰੀ ਦਾ ਬਚਾਅ ਕੀਤਾ ਹੈ ਜਦੋਂ ਕਿ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਆਸਡੀਐਮ ਖਿਲਾਫ ਕਾਰਵਾਈ ਦਾ ਐਲਾਨ ਕੀਤਾ ਹੈ। ਦੁਸ਼ਿਅੰਤ ਚੌਟਾਲਾ ਨੇ ਕਿਹਾ ਹੈ ਕਿ ਦੇਸ਼ ਦੇ ਅੰਨਦਾਤਾ ਲਈ ਅਜਿਹੀ ਸ਼ਬਦਾਵਲੀ ਦੀ ਵਰਤਣ ਵਾਲੇ ਅਧਿਕਾਰੀ ਖ਼ਿਲਾਫ਼ ਕਾਰਵਾਈ ਹੋਵੇਗੀ। ਇਸ ਲਈ ਸਰਕਾਰ ਦੇ ਅੰਦਰ ਹੀ ਵਿਰੋਧੀ ਹਾਲਤ ਬਣ ਗਈ ਹੈ।


ਪੰਜਾਬ ਵਿੱਚ ਵੀ ਭਖਿਆ ਮਾਹੌਲ


ਹਰਿਆਣਾ ਦੇ ਕਰਨਾਲ ਵਿੱਚ ਬਸਤਾੜਾ ਟੌਲ ਪਲਾਜ਼ਾ ’ਤੇ ਪੁਲਿਸ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਤੋਂ ਖਫ਼ਾ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਐਤਵਾਰ ਨੂੰ ਸੂਬੇ ਭਰ ਦੀਆਂ ਸੜਕਾਂ ਨੂੰ ਦੋ ਘੰਟਿਆਂ ਲਈ ਜਾਮ ਕਰ ਦਿੱਤਾ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਛੱਡ ਕੇ ਆਵਾਜਾਈ ਠੱਪ ਕੀਤੀ ਗਈ।


ਕਰਨਾਲ ’ਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ


ਅਖਿਲ ਭਾਰਤੀ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਅਤੁਲ ਕੁਮਾਰ ਅਨਜਾਨ ਨੇ ਹਰਿਆਣਾ ਪੁਲੀਸ ਦੇ ਲਾਠੀਚਾਰਜ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਲਾਠੀਚਾਰਜ ਕਰਕੇ 9 ਕਿਸਾਨਾਂ ਦੀਆਂ ਲੱਤਾਂ ਟੁੱਟ ਗਈਆਂ ਅਤੇ 4 ਆਈਸੀਯੂ ’ਚ ਭਰਤੀ ਹਨ। ਇਹ ਲਾਠੀਚਾਰਜ ਹਰਿਆਣਾ ਸਰਕਾਰ ਦੇ ਇਸ਼ਾਰੇ ’ਤੇ ਕੀਤਾ ਗਿਆ ਹੈ।


ਇਸੇ ਕਾਰਨ ਆਈਏਐਸ ਰੈਂਕ ਦੇ ਅਧਿਕਾਰੀ ਵੱਲੋਂ ਕਿਸਾਨਾਂ ਸਬੰਧੀ ਅਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 30 ਅਗਸਤ ਨੂੰ ਕਰਨਾਲ ਵਿੱਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਸਰਕਾਰ ਨੇ ਅਣਮਨੁੱਖੀ ਵਤੀਰੇ ਖ਼ਿਲਾਫ਼ ਕਾਰਵਾਈ ਸਬੰਧੀ ਰਣਨੀਤੀ ਤਿਆਰ ਕੀਤੀ ਜਾਵੇਗੀ।


ਇਹ ਵੀ ਪੜ੍ਹੋ: ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਨਵੀਂ ਯੋਜਨਾ! ਖੇਤੀ ਦਾ ਸਾਮਾਨ ਤੇ ਸੰਦ ਖ਼ਰੀਦਣ ’ਤੇ 80% ਸਬਸਿਡੀ, ਇੰਝ ਲਓ ਫ਼ਾਇਦਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904