ਲਖਨਊ: ਪੰਜਾਬ ਤੇ ਹਰਿਆਣਾ ਮਗਰੋਂ ਬੀਜੇਪੀ ਨੂੰ ਸਭ ਤੋਂ ਵੱਡਾ ਝਟਕਾ ਉੱਤਰ ਪ੍ਰਦੇਸ਼ ਵਿੱਚ ਲੱਗ ਰਿਹਾ ਹੈ। 26 ਜਨਵਰੀ ਮਗਰੋਂ ਬਦਲੇ ਹਾਲਾਤ ਦਾ ਸਭ ਤੋਂ ਵੱਡਾ ਅਸਰ ਉੱਤਰ ਪ੍ਰਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਵੇਲੇ ਪੱਛਮੀ ਉੱਤਰ ਪ੍ਰਦੇਸ਼ ’ਚ ਤਾਂ ਸੱਤਾਧਿਰ ਬੀਜੇਪੀ ਖਿਲਾਫ ਪੂਰਾ ਮਾਹੌਲ ਬਣ ਗਿਆ ਹੈ। ਥਾਂ-ਥਾਂ ਹੋਰ ਰਹੀਆਂ ਵਿਸ਼ਾਲ ਮਹਾਪੰਚਾਇਤਾਂ ਨੇ ਬੀਜੇਪੀ ਲੀਡਰਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ।
ਸਭ ਤੋਂ ਅਹਿਮ ਗੱਲ ਹੈ ਕਿ ਸੂਬੇ ਵਿੱਚ ਅਪਰੈਲ 'ਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਤੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ਵਿੱਚ ਕਿਸਾਨ ਅੰਦੋਲਨ ਬੀਜੇਪੀ ਲਈ ਵੱਡੀ ਸਿਰ ਦਰਦੀ ਬਣ ਗਿਆ ਹੈ। ਉਧਰ, ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਦੋ ਅਕਤੂਬਰ ਤੱਕ ਦਾ ਅਲਟੀਮੇਟਮ ਦੇ ਕੇ ਸਪਸ਼ਟ ਕਰ ਦਿੱਤਾ ਹੈ ਕਿ ਅੰਦੋਲਨ ਛੇਤੀ ਖਤਮ ਹੋਣ ਵਾਲਾ ਨਹੀਂ।
ਦੱਸ ਦਈਏ ਕਿ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਅਪਰੈਲ ਮਹੀਨੇ ਯੂਪੀ ’ਚ ਪੰਚਾਇਤੀ ਚੋਣਾਂ ਹੋਣੀਆਂ ਹਨ। ਕਿਸਾਨ ਅੰਦੋਲਨ ਦਾ ਸਭ ਤੋਂ ਵੱਡਾ ਅਸਰ ਪਿੰਡਾੰ ਅੰਦਰ ਹੀ ਹੈ। ਅਜਿਹੇ ਵਿੱਚ ਬੀਜੇਪੀ ਨੂੰ ਪੰਚਾਇਤੀ ਚੋਣਾਂ ਜਿੱਤਣੀਆਂ ਔਖੀਆਂ ਹੋ ਸਕਦੀਆਂ ਹਨ। ਜੇਕਰ ਬੀਜੇਪੀ ਪੰਚਾਇਤੀ ਚੋਣਾਂ ਵਿੱਚ ਹਾਰਦੀ ਹੈ ਤਾਂ ਇਸ ਦੀ ਸਿੱਧਾ ਅਸਰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਹੋਏਗਾ।
ਇਹੀ ਕਾਰਨ ਹੈ ਕਿ ਹੁਣ ਪੇਂਡੂ ਖੇਤਰਾਂ ਨਾਲ ਜੁੜੇ ਬੀਜੇਪੀ ਲੀਡਰ ਇਹ ਕਹਿਣ ਲੱਗ ਪਏ ਹਨ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਹੈ। ਇਹ ਵੀ ਅਹਿਮ ਗੱਲ ਹੈ ਕਿ ਕਿਸਾਨਾਂ ਦੀਆਂ ਮਹਾਪੰਚਾਇਤਾਂ ਵਿੱਚ ਬੀਜੇਪੀ ਵਿਰੋਧੀ ਸਿਆਸੀ ਲੀਡਰ ਵੀ ਪਹੁੰਚ ਰਹੇ ਹਨ। ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਕੌਮੀ ਮੀਤ ਪ੍ਰਧਾਨ ਜੈਯੰਤ ਚੌਧਰੀ ਵੱਲੋਂ ਖੁਦ ਵੀ ਮਹਾਪੰਚਾਇਤ ਕੀਤੀ ਗਈ ਸੀ।
ਉੱਧਰ ਮੁਜ਼ੱਫਰਨਗਰ ਮਹਾਪੰਚਾਇਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਵੱਲੋਂ ਆਰਐਲਡੀ ਮੁਖੀ ਚੌਧਰੀ ਅਜੀਤ ਸਿੰਘ ਦੇ ਹੱਕ ’ਚ ਬੋਲਣ ਮਗਰੋਂ ਭਾਜਪਾ ਮਹਿਸੂਸ ਕਰਨ ਲੱਗੀ ਹੈ ਕਿ ਸੂਬੇ ਦੇ ਪੱਛਮੀ ਹਿੱਸੇ ’ਚੋਂ ਜਾਟ ਵੋਟ ਪਾਰਟੀ ਦੇ ਹੱਥੋਂ ਖਿਸਕ ਸਕਦੀ ਹੈ। ਪਾਰਟੀ ਨੂੰ ਕਿਸਾਨ ਅੰਦੋਲਨ ਦਾ ਅਸਰ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਪੈਂਦਾ ਵੀ ਦਿਖਾਈ ਦੇ ਰਿਹਾ ਹੈ।
ਪਛਾਣ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਖਬਰ ਏਜੰਸੀ ਨੂੰ ਇੱਕ ਭਾਜਪਾ ਆਗੂ ਨੇ ਕਿਹਾ ਕਿ ਖਾਪ ਪੰਚਾਇਤਾਂ ’ਚ ਕਿਸਾਨਾਂ ਦੀ ਵਧਦੀ ਸ਼ਮੂਲੀਅਤ ਤੇ ਆਰਐਲਡੀ ਆਗੂ ਜੈਯੰਤ ਚੌਧਰੀ ਦੀ ਸਰਗਰਮੀ ਦਾ ਅਸਰ ਸੂਬੇ ਦੀਆਂ ਪੰਚਾਇਤੀ ਚੋਣਾਂ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮਸਲੇ ਦਾ ਜਲਦੀ ਹੱਲ ਨਾ ਕੀਤਾ ਤਾਂ ਵਿਧਾਨ ਸਭਾ ਚੋਣਾਂ ’ਤੇ ਵੀ ਇਸ ਦਾ ਅਸਰ ਪਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ