ਜੰਮੂ: ਜੰਮੂ-ਕਸ਼ਮੀਰ ਦੇ ਲੋਕਾਂ ਲਈ ਹਾਈ ਸਪੀਡ 4G ਇੰਟਰਨੈੱਟ ਬਹਾਲ ਕਰ ਦਿੱਤਾ ਗਿਆ ਹੈ। ਆਰਟੀਕਲ 370 ਦੇ ਖਤਮ ਹੋਣ ਮਗਰੋਂ ਕਰੀਬ 550 ਦਿਨਾਂ ਬਾਅਦ ਇੱਥੋਂ ਦੇ ਲੋਕਾਂ ਨੂੰ 4G ਇੰਟਰਨੈੱਟ ਦੀ ਸੁਵਿਧਾ ਪ੍ਰਾਪਤ ਹੋਈ। ਫਰੀ ਇੰਟਰਨੈੱਟ ਦੀ ਸੁਵਿਧਾ ਮਿਲਣ 'ਤੇ ਸਥਾਨਕ ਲੋਕਾਂ 'ਚ ਬੇਹੱਦ ਖੁਸ਼ੀ ਹੈ। ਇਕ ਸਥਾਨਕ ਸ਼ਖਸ ਨੇ ਦੱਸਿਆ, 'ਸਾਨੂੰ ਲੰਬੇ ਸਮੇਂ ਬਾਅਦ ਇੰਟਰਨੈੱਟ ਦੀ ਸੁਵਿਧਾ ਮਿਲੀ ਹੈ। ਅਸੀਂ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ।'
ਜੰਮੂ ਕਸ਼ਮੀਰ 'ਚ 5 ਅਗਸਤ, 2019 ਤੋਂ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ। ਇੰਟਰਨੈੱਟ ਸੇਵਾ ਮੁੜ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਨੂੰ ਵੀ ਫਾਇਦਾ ਪਹੁੰਚਿਆ ਹੈ। ਵਿਦਿਆਰਥੀ ਹੁਣ ਆਸਾਨੀ ਨਾਲ ਆਪਣੇ ਨੋਟਸ, ਗੇਮਸ ਡਾਊਨਲੋਡ ਕਰ ਸਕਦੇ ਹਨ। ਕੰਮਕਾਜੀ ਲੋਕ ਵੀ ਹੁਣ ਆਸਾਨੀ ਨਾਲ ਆਪਣਾ ਕੰਮ ਕਰ ਰਹੇ ਹਨ। ਹਾਲਾਂਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਸੁਰੱਖਿਆ ਵਿਵਸਥਾ ਦਾ ਪੂਰਾ ਖਿਆਲ ਰੱਖ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਓਮਰ ਅਬਦੁੱਲਾ ਦੀ ਪ੍ਰਤੀਕਿਰਿਆ
4G ਸੇਵਾ ਬਹਾਲ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫੰਰਸ ਦੇ ਲੀਡਰ ਓਮਰ ਅਬਦੁੱਲਾ ਨੇ ਟਵੀਟ ਕਰਕੇ ਖੁਸ਼ੀ ਜਤਾਈ। ਉਨ੍ਹਾਂ ਕਿਹਾ, '4G ਮੁਬਾਰਕ! ਅਗਸਤ 2019 ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਨੂੰ 4G ਮੋਬਾਇਲ ਡਾਟਾ ਮਿਲਿਆ। ਦੇਰ ਆਏ ਦਰੁਸਤ ਆਏ।'
ਬਾਲੀਵੁੱਡ ਅਦਾਕਾਰਾ ਦੀਆ ਮਿਰਜਾ ਨੇ ਜਤਾਈ ਖੁਸ਼ੀ
ਬਾਲੀਵੁੱਡ ਅਦਾਕਾਰਾ ਦੀਆ ਮਿਰਜਾ ਨੇ ਵੀ ਜੰਮੂ-ਕਸ਼ਮੀਰ 'ਚ ਇੰਟਰਨੈੱਟ ਬਹਾਲ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਦੀਆ ਨੇ ਲਿਖਿਆ, 'ਆਖਿਰਕਾਰ 550 ਦਿਨਾਂ ਬਾਅਦ 4G ਇੰਟਰਨੈੱਟ ਦੀ ਸੁਵਿਧਾ ਮਿਲੀ।'
ਸੁਪਰੀਮ ਕੋਰਟ ਨੇ ਕੀਤਾ ਸੀ ਕਮੇਟੀ ਦਾ ਗਠਨ
ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ 'ਚ ਇੰਟਰਨੈੱਟ ਬਹਾਲ ਕਰਨ ਨੂੰ ਲੈਕੇ ਇਕ ਕਮੇਟੀ ਦਾ ਗਠਨ ਕੀਤਾ ਸੀ। 4 ਫਰਵਰੀ 2021 ਨੂੰ ਕਮੇਟੀ ਦੀ ਮੀਟਿੰਗ 'ਚ ਸੁਰੱਖਿਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ 'ਤੇ ਵੱਖ-ਵੱਖ ਪਹਿਲੂਆਂ 'ਤੇ ਗੱਲਬਾਤ ਹੋਈ। ਇਸ ਤੋਂ ਬਾਅਦ ਸੂਬੇ 'ਚ 4G ਇੰਟਰਨੈੱਟ ਮੁੜ ਬਹਾਲ ਕਰਨ ਦੀ ਮਨਜੂਰੀ ਦੇ ਦਿੱਤੀ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ