ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਬੀਜੇਪੀ ਲਈ ਖਤਰੇ ਦੀ ਘੰਟੀ ਬਣ ਗਿਆ ਹੈ। ਮੋਦੀ ਸਰਕਾਰ ਨੂੰ ਇਹ ਅੰਦੋਲਨ ਇੰਨਾ ਲੰਬਾ ਚੱਲਣ ਦੀ ਉਮੀਦ ਨਹੀਂ ਸੀ। ਇਸ ਲਈ ਸਰਕਾਰ ਕਿਸਾਨਾਂ ਨੂੰ ਥਕਾ ਕੇ ਅੰਦੋਲਨ ਖਤਮ ਕਰਨਾ ਚਾਹੁੰਦੀ ਸੀ ਪਰ ਸਭ ਕੁਝ ਉਲਟਾ ਹੋ ਰਿਹਾ ਹੈ। ਪੰਜਾਬ ਵਿੱਚ ਸ਼ੁਰੂ ਹੋਇਆ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਗਿਆ ਹੈ।


ਬੀਜੇਪੀ ਨੂੰ ਇਸ ਦਾ ਸਭ ਤੋਂ ਵੱਧ ਸੇਕ ਪੰਜਾਬ ਤੇ ਹਰਿਆਣਾ ਵਿੱਚ ਲੱਗ ਰਿਹਾ ਹੈ। ਦੋਵਾਂ ਸੂਬਿਆਂ ਦੇ ਲੀਡਰ ਵੀ ਹੁਣ ਕੇਂਦਰ ਸਰਕਾਰ ਦੀ ਜਿੱਦ ਕਰਕੇ ਔਖੇ ਹੋ ਗਏ ਹਨ। ਪੰਜਾਬ ਵਿੱਚ ਪਹਿਲਾਂ ਹੀ ਕਈ ਬੇਜਪੀ ਲੀਡਰਾਂ ਨੇ ਅਸਤੀਫੇ ਦੇ ਦਿੱਤੇ ਹਨ। ਹੁਣ ਬੀਜੇਪ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਵਿੱਚ ਆ ਗਏ ਹਨ।


ਜੋਸ਼ ਨੇ ਦੋਸ਼ ਲਾਇਆ ਕਿ ਪੰਜਾਬ ਬੀਜੇਪੀ ਸੂਬੇ ਦੇ ਕਿਸਾਨਾਂ ਦਾ ਪੱਖ ਕੇਂਦਰ ਸਰਕਾਰ ਕੋਲ ਚੰਗੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਰੱਖਣ ਵਿੱਚ ਅਸਫ਼ਲ ਰਹੀ ਹੈ। ਜੋਸ਼ੀ ਨੇ ਆਖਿਆ ਕਿ ਸੂਬੇ ਦੇ ਕਿਸਾਨ ਉਨ੍ਹਾਂ ਦੇ ਆਪਣੇ ਹਨ ਤੇ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਮਸਲਾ ਜਲਦੀ ਹੱਲ ਹੋਣਾ ਚਾਹੀਦਾ ਸੀ ਪਰ ਮਾਮਲੇ ਵਿੱਚ ਹੋ ਰਹੀ ਦੇਰੀ ਪੰਜਾਬ ਵਿੱਚ ਪਾਰਟੀ ਦੇ ਭਵਿੱਖ ਲਈ ਠੀਕ ਨਹੀਂ।


ਉਨ੍ਹਾਂ ਆਖਿਆ ਹੈ ਕਿ ਉਹ ਪਹਿਲਾਂ ਪੰਜਾਬੀ ਹਨ ਤੇ ਉਨ੍ਹਾਂ ਸਿਆਸਤ ਵੀ ਪੰਜਾਬ ਵਿੱਚ ਹੀ ਕਰਨੀ ਹੈ। ਸਿਆਸੀ ਆਗੂ ਹੇਠਾਂ ਤੱਕ ਵਿਚਰਦੇ ਹਨ ਤੇ ਉਨ੍ਹਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਪਤਾ ਹੁੰਦਾ ਹੈ। ਉਨ੍ਹਾਂ ਆਖਿਆ ਕਿ ਉਹ ਖੁਦ ਕਿਸਾਨ ਰਹੇ ਹਨ, ਇਸ ਲਈ ਕਿਸਾਨਾਂ ਦੀ ਪੀੜ ਚੰਗੀ ਤਰ੍ਹਾਂ ਸਮਝਦੇ ਹਨ।


ਜੋਸ਼ੀ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਗਲਤ ਜਾਂ ਠੀਕ ਨਹੀਂ ਆਖ ਰਹੇ ਹਨ ਪਰ ਇਨ੍ਹਾਂ ਕਾਨੂੰਨਾਂ ਵਿੱਚ ਕੁਝ ਤਾਂ ਅਜਿਹਾ ਜ਼ਰੂਰ ਹੈ, ਜਿਸ ਦਾ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਪ੍ਰਦੇਸ਼ ਬੀਜੇਪੀ ਨੂੰ ਸੂਬੇ ਦੇ ਕਿਸਾਨਾਂ ਨਾਲ ਖੜ੍ਹੇ ਹੋਣਾ ਚਾਹੀਦਾ ਸੀ। ਕਿਸਾਨਾਂ ਦੀ ਗੱਲ ਚੰਗੇ ਪ੍ਰਭਾਵਸ਼ਾਲੀ ਢੰਗ ਨਾਲ ਕੇਂਦਰ ਸਰਕਾਰ ਕੋਲ ਰੱਖਣੀ ਚਾਹੀਦੀ ਸੀ ਪਰ ਅਜਿਹਾ ਕਰਨ ਵਿੱਚ ਪੰਜਾਬ ਬੀਜੇਪੀ ਅਸਫ਼ਲ ਰਹੀ ਹੈ।