ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਅੱਜ ਲਗਾਤਾਰ 44ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਹੀ ਅੱਜ ਕੇਂਦਰ ਤੇ ਕਿਸਾਨ ਜਥੇਬੰਦੀਆਂ ਦੇ ਵਿਚ ਅੱਠਵੇਂ ਦੌਰ ਦੀ ਬੈਠਕ ਹੋਈ। ਇਹ ਬੈਠਕ ਵੀ ਬੇਨਤੀਜਾ ਰਹੀ। ਹੁਣ ਅਗਲੀ ਬੈਠਕ 15 ਜਨਵਰੀ ਨੂੰ ਹੋਵੇਗੀ।
ਸੂਤਰਾਂ ਮੁਤਾਬਕ ਬੈਠਕ 'ਚ ਅੱਜ ਇਕ ਵਾਰ ਸਰਕਾਰ ਨੇ ਕਿਸਾਨ ਲੀਡਰਾਂ ਸਾਹਮਣੇ ਕਾਨੂੰਨਾਂ 'ਚ ਸੋਧ ਦਾ ਪ੍ਰਸਤਾਵ ਰੱਖਿਆ। ਸਰਕਾਰ ਵੱਲੋਂ ਕਿਹਾ ਗਿਆ ਕਿ ਕਾਨੂੰਨ ਵਾਪਸ ਨਹੀਂ ਲਏ ਜਾ ਸਕਦੇ ਕਿਉਂਕਿ ਕਾਫੀ ਕਿਸਾਨ ਇਸ ਦੇ ਪੱਖ 'ਚ ਹਨ। ਉੱਥੇ ਹੀ ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ ਦੁਹਰਾਉਂਦੇ ਰਹੇ।
ਸਰਕਾਰ ਦੇ ਰੁਖ਼ ਤੋਂ ਨਰਾਜ਼ ਕਿਸਾਨਾਂ ਨੇ ਬੈਠਕ ਦੌਰਾਨ ਲੰਗਰ ਖਾਣ ਤੋਂ ਇਨਕਾਰ ਕਰ ਦਿੱਤਾ। ਤਲਖੀ ਵਧਣ 'ਤੇ ਸਰਕਾਰ ਨੇ ਲੰਚ ਬ੍ਰੇਕ ਦੀ ਅਪੀਲ ਕੀਤੀ ਤਾਂ ਕਿਸਾਨ ਲੀਡਰਾਂ ਨੇ ਕਿਹਾ ਨਾ ਤਾਂ ਰੋਟੀ ਖਾਵਾਂਗੇ ਤੇ ਨਾ ਚਾਹ ਪੀਵਾਂਗੇ। ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਤਿੰਨੇ ਕਾਨੂੰਨਾਂ 'ਤੇ ਬੈਠਕ 'ਚ ਚਰਚਾ ਹੋਈ ਪਰ ਕੋਈ ਫੈਸਲਾ ਨਹੀਂ ਹੋਇਆ। ਅਗਲੀ ਚਰਚਾ 'ਚ ਹੱਲ ਦੀ ਉਮੀਦ ਹੈ।
ਕਿਸਾਨਾਂ ਨੇ ਦੱਸੀ ਰਣਨੀਤੀ:
ਕੁਝ ਕਿਸਾਨ ਬੈਠਕ 'ਚ ਤਖਤੀਆਂ ਲੈਕੇ ਆਏ ਸਨ। ਜਿਨ੍ਹਾਂ 'ਤੇ ਲਿਖਿਆ ਸੀ, 'ਅਸੀਂ ਜਾਂ ਤਾਂ ਮਰਾਂਗੇ ਜਾਂ ਜਿਤਾਂਗੇ।'
ਬੈਠਕ ਤੋਂ ਬਾਅਦ ਅਖਿਲ ਭਾਰਤੀ ਕਿਸਾਨ ਸਭਾ ਦੇ ਮਹਾਂਸਕੱਤਰ ਹਨਨ ਮੋਲਾਹ ਨੇ ਕਿਹਾ ਕਿ ਬੈਠਕ ਦੌਰਾਨ ਤਿੱਖੀ ਬਹਿਸ ਹੋਈ। ਅਸੀਂ ਕਿਹਾ ਕਿ ਅਸੀਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕੁਝ ਨਹੀਂ ਚਾਹੁੰਦੇ। ਅਸੀਂ ਕਿਸੇ ਵੀ ਅਦਾਲਤ 'ਚ ਨਹੀਂ ਜਾਵਾਂਗੇ। ਅਸੀਂ ਲੜਾਈ ਜਾਰੀ ਰੱਖਾਂਗੇ। 26 ਜਨਵਰੀ ਨੂੰ ਸਾਡੀ ਪਰੇਡ ਯੋਜਨਾ ਦੇ ਮੁਤਾਬਕ ਹੀ ਹੋਵੇਗੀ।
ਕਿਸਾਨਾਂ ਨੇ ਗਣਤੰਤਰ ਦਿਵਸ ਦੌਰਾਨ ਟ੍ਰੈਕਟਰ ਰੈਲੀ ਕੱਡਣ ਦੀ ਗੱਲ ਆਖੀ ਹੈ। ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਵੀਰਵਾਰ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਟ੍ਰੈਕਟਰ ਰੈਲੀ ਕੱਢੀ ਸੀ। ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ, ਕੇਂਦਰੀ ਮੰਤਰੀ ਪੀਊਸ਼ ਗੋਇਲ ਤੇ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਰੀਬ 40 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵਿਗਿਆਨ ਭਵਨ 'ਚ ਵਾਰਤਾ ਕੀਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ