ਨਵੀਂ ਦਿੱਲੀ: ਨੋਇਡਾ ਨੂੰ ਦਿੱਲੀ ਨਾਲ ਜੋੜਨ ਵਾਲੀ ਮੁੱਖ ਸੜਕ ਸ਼ਨੀਵਾਰ ਦੇਰ ਰਾਤ ਨੂੰ ਮੁੜ ਖੋਲ੍ਹ ਦਿੱਤੀ ਗਈ। ਨੋਇਡਾ-ਦਿੱਲੀ ਲਿੰਕ ਸੜਕ 'ਤੇ 1 ਦਸੰਬਰ ਤੋਂ ਆਵਾਜਾਈ ਠੱਪ ਸੀ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਕਾਰਨ ਚਿੱਲਾ ਬਾਰਡਰ 'ਤੇ ਵੀ ਕਿਸਾਨਾਂ ਵੱਲੋਂ ਪ੍ਰਦਰਸ਼ਨ ਜਾਰੀ ਸੀ ਪਰ ਬੀਤੀ ਰਾਤ ਕਿਸਾਨਾਂ ਨੇ ਇਹ ਸੜਕ ਨੂੰ ਖਾਲੀ ਕਰਨ ਲਈ ਸਹਿਮਤੀ ਦੇ ਦਿੱਤੀ ਸੀ।


ਨੋਇਡਾ ਦੇ ਡਿਪਟੀ ਕਮਿਸ਼ਨਰ ਪੁਲਿਸ (ਡੀਸੀਪੀ) ਰਾਜੇਸ਼ ਐਸ ਨੇ ਦੱਸਿਆ, “ਕਿਸਾਨ ਦੇਰ ਰਾਤ ਨੂੰ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਨੂੰ ਖਾਲੀ ਕਰਨ ਲਈ ਰਾਜ਼ੀ ਹੋ ਗਏ ਤੇ ਸੜਕ ਪੂਰੀ ਤਰ੍ਹਾਂ ਖੁੱਲ੍ਹ ਜਾਵੇਗੀ। ਕੁਝ ਪ੍ਰਦਰਸ਼ਨਕਾਰੀ ਅਜੇ ਵੀ ਉਥੇ ਹਨ ਪਰ ਉਹ ਵੀ ਜਲਦੀ ਹੀ ਇਸ ਨੂੰ ਖਾਲੀ ਕਰ ਦੇਣਗੇ। ”

ਇਸ ਦੇ ਨਾਲ ਹੀ, ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਕੌਮੀ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਸਿੰਘ ਨੇ ਕਿਹਾ, "ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਭਰੋਸੇ ਤੋਂ ਬਾਅਦ, ਅਸੀਂ ਚਿੱਲਾ ਸਰਹੱਦ ‘ਤੇ ਧਰਨਾ ਖਤਮ ਕਰਨ ਦਾ ਫੈਸਲਾ ਕੀਤਾ ਹੈ। ਧਰਨੇ ਵਾਲੀ ਥਾਂ ਤੇ ਅਖੰਡ ਰਮਾਯਣ ਦਾ ਪਾਠ ਹੋ ਰਿਹਾ ਹੈ ਤੇ ਐਤਵਾਰ ਨੂੰ ਇਹ ਖ਼ਤਮ ਹੋ ਜਾਏਗਾ, ਉਸ ਤੋਂ ਬਾਅਦ ਰਸਤਾ ਪੂਰੀ ਤਰ੍ਹਾਂ ਖੁੱਲ੍ਹ ਜਾਏਗਾ।"

ਦਿੱਲੀ-ਜੈਪੁਰ ਹਾਈਵੇ ਨੂੰ ਬੰਦ ਕਰਨਗੇ ਕਿਸਾਨ
ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਦੀ ਪੰਜਾਬ ਇਕਾਈ ਨੇ ਸ਼ਨੀਵਾਰ ਨੂੰ ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰਨ ਦੀ ਚੇਤਾਵਨੀ ਦਿੱਤੀ ਸੀ ਪਰ ਕੱਲ੍ਹ ਹਾਈਵੇਅ ਬੰਦ ਨਹੀਂ ਕੀਤਾ ਗਿਆ ਸੀ। ਸੰਗਠਨ ਨੇ ਹੁਣ ਐਤਵਾਰ ਨੂੰ ਹਾਈਵੇ ‘ਤੇ ਅੰਦੋਲਨ ਕਰਨ ਤੇ ਰੋਡ ਬੰਦ ਕਰਨ ਲਈ ਕਿਹਾ ਹੈ।