ਰੋਹਤਕ: ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ। ਇਸ ਦਰਮਿਆਨ ਹਰਿਆਣਾ ਦੇ ਰੋਹਤਕ ਦੇ ਗਡੀ ਸਾਂਪਲਾ 'ਚ ਮੰਗਲਵਾਰ ਸਰਵ ਖਾਪ ਪੰਚਾਇਤ ਵੱਲੋਂ ਛੋਟੂਰਾਮ ਜਯੰਤੀ ਮਨਾਈ ਗਈ। ਜਿਸ 'ਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਵੀ ਸ਼ਾਮਲ ਹੋਏ ਹਨ। ਰਾਕੇਸ਼ ਟਿਕੈਤ ਨੇ ਇਸ ਦੌਰਾਨ ਪੰਜਾਬ ਬਾਰੇ ਵੱਡੀ ਗੱਲ ਆਖੀ ਹੈ।
ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ, 'ਮੁੱਦਾ ਓਹੀ ਹੈ ਜੋ ਸਰ ਛੋਟੂਰਾਮ ਨੇ 1938 'ਚ ਅੰਗ੍ਰੇਜ਼ੀ ਹਕੂਮਤ 'ਚ ਕਿਸਾਨਾਂ ਦਾ ਹੱਕ ਦਿਵਾਉਣ ਲਈ 9 ਐਕਟ ਬਣਵਾਏ। ਕਿਸਾਨਾਂ ਦੀ ਜ਼ਮੀਨ ਨਿਲਾਮ ਹੋਣ ਤੋਂ ਬਚਾਉਣ ਤੇ ਮੰਡੀ ਵਿਵਸਥਾ ਲਾਗੂ ਕਰਵਾਈ। ਅਸੀਂ 72-73 ਸਾਲਾਂ ਤੋਂ ਦੇਖ ਰਹੇ ਹਾਂ ਕਿ ਹਰਿਆਣਾ, ਪੰਜਾਬ ਦੇ ਕਿਸਾਨਾਂ ਨੂੰ MSP ਮਿਲਦਾ ਸੀ। ਅਸੀਂ ਆਪਣੀ ਫਸਲ ਇੱਥੇ ਆਕੇ ਵੇਚਦੇ ਸੀ। ਪਰ ਇਸ ਕਾਨੂੰਨ 'ਚ ਵੀ ਇਹ ਵਿਵਸਥਾ ਨਹੀਂ ਰਹਿਣ ਦੇਣਗੇ।
ਉਨ੍ਹਾਂ ਕਿਹਾ, 'ਅਸੀਂ ਉਸੇ ਸਰ ਛੋਟੂਰਾਮ ਦੀ ਜ਼ਮੀਨ 'ਤੇ ਹਾਂ। ਅੱਜ ਉਨ੍ਹਾਂ ਦੇ ਬਣਾਏ ਕਾਨੂੰਨ ਨੂੰ ਤੋੜਿਆ ਜਾ ਰਿਹਾ ਹੈ। ਚਮਚਮਾਉਂਦੇ ਮਕਾਨਾਂ 'ਚ ਰਹਿਣ ਵਾਲੇ ਲੀਡਰਾਂ ਨੂੰ ਕੁਝ ਨਹੀਂ ਪਤਾ, ਅਸੀਂ ਵੀ ਕਈ ਕਮੇਟੀਆਂ ਦਾ ਹਿੱਸਾ ਰਹੇ। ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦਾ ਨਹੀਂ ਪਤਾ। ਦੇਸ਼ 'ਚ ਕੋਈ ਖੇਤੀ ਮੰਤਰਾਲਾ ਨਹੀਂ ਹੈ ਤੇ ਨਾ ਹੀ ਖੇਤੀਬਾੜੀ ਮੰਤਰੀ ਹੈ, ਜੋ ਸਾਡੇ ਨਾਲ ਗੱਲ ਕਰਦੇ ਹਨ।'
ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਵਪਾਰੀਆਂ ਦੀ ਸੋਚਦੇ ਹਨ। ਭੁੱਖ 'ਤੇ ਵਪਾਰ ਕਰਨਾ ਚਾਹੁੰਦੇ ਹਨ। ਪਿੰਡ 'ਚ ਬਾਜਰਾ 11 ਰੁਪਏ ਤੇ ਸ਼ਹਿਰ 'ਚ ਜਾਕੇ 120 ਰੁਪਏ ਕਿੱਲੋ ਵਿਕਦਾ ਹੈ। ਸੋਨੇ ਦੇ ਵਪਾਰ ਨੂੰ ਛੱਡ ਕੇ ਭੁੱਖ ਦਾ ਵਪਾਰ ਕੀਤਾ ਜਾਵੇਗਾ। ਇਹ ਭੁੱਖ ਦਾ ਵਪਾਰ ਦੁਨੀਆਂ ਦਾ ਨਵਾਂ ਵਪਾਰ ਸ਼ੁਰੂ ਕੀਤਾ ਗਿਆ ਹੈ। ਅਸੀਂ ਇਸ ਦਾ ਹੀ ਵਿਰੋਧ ਕਰਨਾ ਹੈ।
ਉਨ੍ਹਾਂ ਕਿਹਾ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਇਕੱਠੇ ਰਹਿਣਾ ਹੈ। ਇਸ ਤੋਂ ਬਚੋ, ਇਸ ਵਾਰ ਸਾਨੂੰ ਸਿੱਖ ਕੌਮ ਦਾ ਸਾਥ ਮਿਲ ਗਿਆ ਹੈ। ਪੰਜਾਬ ਦਾ ਸਾਥ ਮਿਲਣ ਨਾਲ ਅਸੀਂ ਨਵੀਂ ਕ੍ਰਾਂਤੀ ਕਰ ਦਿਆਂਗੇ। ਤੁਸੀਂ ਪੰਜਾਬ ਦੇ ਲੋਕਾਂ ਨਾਲ ਰਾਬਤਾ ਵਧਾਓ।
ਉਨ੍ਹਾਂ ਕਿਹਾ, 'ਅਸੀਂ ਪੂਰੇ ਦੇਸ਼ 'ਚ ਪੰਚਾਇਤ ਕਰਾਂਗੇ। ਮਹਾਰਾਸ਼ਟਰ ਤੋਂ ਬਾਅਦ ਪੱਛਮੀ ਬੰਗਾਲ 'ਚ ਵੀ ਜਾਵਾਂਗੇ ਤੇ ਹਰਿਆਣਾ ਦਾ ਵੀ ਭਰਪੂਰ ਸਾਥ ਮਿਲਿਆ ਹੈ। ਸਾਡਾ ਮੰਚ ਵੀ ਓਹੀ ਰਹੇਗਾ ਤੇ ਪੰਚ ਵੀ ਓਹੀ ਰਹੇਗਾ, ਸਿੰਘੂ ਬਾਰਡਰ 'ਤੇ 40 ਜਥੇਬੰਦੀਆਂ ਫੈਸਲਾ ਲੈਣਗੀਆਂ।