ਨਵੀਂ ਦਿੱਲੀ: ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਡਟੇ ਹੋਏ ਹਨ ਪਰ ਇਸ ਦੌਰਾਨ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਦਿੱਲੀ ਦੇ ਗਾਜ਼ੀਪੁਰ ਬਾਰਡਰ ਤੇ ਸਿੰਘੂ ਬਾਰਡਰ ਤੇ ਭੀੜ ਪਹਿਲਾਂ ਦੇ ਮੁਕਾਬਲੇ ਘੱਟ ਹੋ ਰਹੀ ਹੈ। ਕਿਸਾਨ ਪਿਛਲੇ 83 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ ਪਰ ਅਜੇ ਤਕ ਕੋਈ ਹੱਲ ਨਹੀਂ ਨਿਕਲਿਆ। ਅਜਿਹੇ 'ਚ ਕਈ ਕਿਸਾਨ ਘਰਾਂ ਨੂੰ ਪਰਤ ਰਹੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਕਿਸਾਨਾਂ ਨੇ ਹਾਰ ਮੰਨ ਲਈ। ਦਰਅਸਲ ਇਹ ਕਿਸਾਨ ਅੰਦੋਲਨ ਦੀ ਨਵੀਂ ਰਣਨੀਤੀ ਹੈ।
ਕਿਸਾਨਾਂ ਨੇ ਕਿਹਾ ਕਿ ਲੜਾਈ ਲੰਬੀ ਚੱਲਣ ਵਾਲੀ ਹੈ। ਬਾਰਡਰ 'ਤੇ ਕਿਸਾਨਾਂ ਦੀ ਗਿਣਤੀ ਘੱਟ ਕਰਨਾ ਉਨ੍ਹਾਂ ਦੀ ਰਣਨੀਤੀ ਦਾ ਹਿੱਸਾ ਹੈ ਜੋ ਅੰਦੋਲਨ ਨੂੰ ਵਿਸਥਾਰ ਦੇਣ ਲਈ ਬਣਾਈ ਗਈ ਹੈ। ਹੁਣ ਅੰਦੋਲਨ ਲਈ ਸਮਰਥਨ ਹਾਸਲ ਕਰਨ ਲਈ ਸੂਬਿਆਂ 'ਚ ਵੱਡੇ ਪੱਧਰ 'ਤੇ ਰੈਲੀਆਂ ਕਰਨ 'ਤੇ ਫੋਕਸ ਹੈ।
ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਪੂਰੇ ਦੇਸ਼ 'ਚ ਮਹਾਪੰਚਾਇਤ ਕਰਨ ਦੀ ਯੋਜਨਾ ਬਣਾਈ ਸੀ। ਉਹ ਅਗਲੇ ਕੁਝ ਦਿਨਾਂ 'ਚ ਹਰਿਆਣਾ, ਮਹਾਰਾਸ਼ਟਰ ਤੇ ਰਾਜਸਥਾਨ 'ਚ ਅਜਿਹੀਆਂ ਕਈ ਬੈਠਕਾਂ 'ਚ ਸ਼ਾਮਲ ਹੋਣਗੇ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਦਿੱਲੀ ਬਾਰਡਰ 'ਤੇ ਇਕੱਠੇ ਹੋਕੇ ਬੈਠਣ ਨਾਲੋਂ ਕਿਸਾਨ ਪ੍ਰਦਰਸ਼ਨ ਦੀ ਰਣਨੀਤੀ ਬਦਲ ਰਹੇ ਹਨ। ਹੁਣ ਅੰਦੋਲਨ ਹਰ ਘਰ ਹਰ ਪਿੰਡ ਤਕ ਪਹੁੰਚੇਗਾ। ਇਸ ਲਈ ਵੱਖ-ਵੱਖ ਥਾਵਾਂ 'ਤੇ ਜਾ ਕੇ ਮਹਾਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ।