ਨਵੀਂ ਦਿੱਲੀ: ਕਿਸਾਨ ਅੰਦੋਲਨ ਦੀ ਹਮਾਇਤ ਲਈ ਜਾਰੀ ਟੂਲਕਿੱਟ ਮਾਮਲੇ ’ਚ ਬੈਂਗਲੁਰੂ ਤੋਂ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ’ਚ ਦੋ ਹੋਰ ਮੁਲਜ਼ਮਾਂ ਵਿਰੁੱਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰਵਾਏ ਹਨ। ਨਿਕੀਤਾ ਜੈਕਬ ਤੇ ਸ਼ਾਂਤਨੂੰ ਨਾਂ ਦੇ ਦੋ ਮੁਲਜ਼ਮਾਂ ਵਿਰੁੱਧ ਦਿੱਲੀ ਪੁਲਿਸ ਨੇ ਇਹ ਵਾਰੰਟ ਜਾਰੀ ਕਰਵਾਏ ਹਨ। ਪੁਲਿਸ ਸੂਤਰਾਂ ਮੁਤਾਬਕ ਨਿਕੀਤਾ ਜੈਕਬ ਮੁੰਬਈ ਦੇ ਵਕੀਲ ਹਨ।


ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਟਵੀਟ ਕਰ ਕੇ ਦਿਸ਼ਾ ਦੀ ਗ੍ਰਿਫ਼ਤਾਰੀ ਵਿਰੁੱਧ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿਸ਼ਾ ਦੀ ਗ੍ਰਿਫ਼ਤਾਰੀ ਲੋਕਤੰਤਰ ਉੱਤੇ ਵੱਡਾ ਹਮਲਾ ਹੈ।


ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਅੱਤਵਾਦੀਆਂ ਨਾਲ ਮਿਲੀਭੁਗਤ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਮੁਅੱਤਲ ਡੀਐੱਸਪੀ ਦਵਿੰਦਰ ਸਿੰਘ ਦੇ ਮਾਮਲੇ ਨੂੰ ਦਿਸ਼ਾ ਦੀ ਗ੍ਰਿਫ਼ਤਾਰੀ ਨਾਲ ਜੋੜਦਿਆਂ ਟਵਿਟਰ ਉੱਤੇ ਲਿਖਿਆ ਐਕਟੀਵਿਸਟ ਜੇਲ੍ਹ ’ਚ ਤੇ ਅੱਤਵਾਦੀ ਨੂੰ ਬੇਲ। ਹੈਰਾਨੀ ਹੈ ਕਿ ਪੁਲਵਾਮਾ ਦੀ ਬਰਸੀ ਮੌਕੇ ਸਰਕਾਰ ਇਹ ਕੀ ਕਰ ਰਹੀ ਹੈ? ਉਂਝ ਸ਼ਸ਼ੀ ਥਰੂਰ ਦੇ ਟਵੀਟ ’ਤੇ NIA ਵੱਲੋਂ ਬਿਆਨ ਆਇਆ ਹੈ ਕਿ ਦਵਿੰਦਰ ਸਿੰਘ ਨੁੰ NIA ਦੇ ਕੇਸ ਵਿੱਚ ਜ਼ਮਾਨਤ ਨਹੀਂ ਮਿਲੀ ਹੈ ਤੇ ਉਹ ਹਾਲੇ ਜੇਲ੍ਹ ਵਿੱਚ ਹੀ ਹੈ।


ਇਸ ਦੌਰਾਨ ਭਾਜਪਾ ਨੇ ਦਿਸ਼ਾ ਦੀ ਗ੍ਰਿਫ਼ਤਾਰੀ ਨੁੰ ਸਹੀ ਕਰਾਰ ਦਿੱਤਾ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਕਰ ਕੇ ਦਿਸ਼ਾ ਦੀ ਗ੍ਰਿਫ਼ਤਾਰੀ ਨੂੰ ਸਹੀ ਦੱਸਿਆ ਹੈ। ਅਨਿਲ ਵਿਜ ਨੇ ਟਵੀਟ ਕੀਤਾ ਹੈ ਕਿ ਦੇਸ਼ ਵਿਰੋਧ ਦਾ ਬੀਜ ਜਿਸ ਦੇ ਵੀ ਦਿਮਾਗ਼ ਵਿੱਚ ਹੋਵੇ, ਉਸ ਦਾ ਪੂਰੀ ਤਰ੍ਹਾਂ ਨਾਸ਼ ਕਰ ਦੇਣਾ ਚਾਹੀਦਾ ਹੈ; ਉਹ ਭਾਵੇਂ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ।