ਨਵੀਂ ਦਿੱਲੀ: ਕਿਸਾਨ ਯੂਨੀਅਨ ਵੱਲੋਂ ਅੱਜ ਤੋਂ ਦਿੱਲੀ ਦੇ ਜੰਤਰ-ਮੰਤਰ ਤੇ ਸੰਸਦ ਦੇ ਮੌਜੂਦਾ ਮਾਨਸੂਨ ਸੈਸ਼ਨ ਦੌਰਾਨ ਕਿਸਾਨ ਸੰਸਦ ਦਾ ਆਯੋਜਨ ਕੀਤਾ ਜਾਵੇਗਾ। ਕਿਸਾਨਾਂ ਵੱਲੋਂ ਸਿੰਘੂ ਬਾਰਡਰ ਤੋਂ 200 ਪ੍ਰਦਰਸ਼ਨਕਾਰੀ ਕਿਸਾਨ ਪ੍ਰੋਗਰਾਮ 'ਚ ਹਿੱਸਾ ਲੈਣ ਮੌਕੇ 'ਤੇ ਪਹੁੰਚਣਗੇ। ਦਿੱਲੀ ਪੁਲਿਸ ਨੇ ਤਿੰਨ ਨਵੇਂ ਖੇਤੀ ਕਾਨੂਨਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਕੁਝ ਸ਼ਰਤਾਂ ਦੇ ਨਾਲ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਹੈ।
ਦਿੱਲੀ ਪੁਲਿਸ ਵੱਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਕਿਸਾਨਾਂ ਨੂੰ ਜੰਤਰ-ਮੰਤਰ 'ਤੇ ਕੁਝ ਸ਼ਰਤਾਂ ਦੇ ਨਾਲ ਪਰਮਿਸ਼ਨ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 200 ਤੋਂ ਜ਼ਿਆਦਾ ਕਿਸਾਨ ਇਸ ਪ੍ਰੋਗਰਾਮ 'ਚ ਹਿੱਸਾ ਨਹੀਂ ਲੈਣਗੇ। ਜਦਕਿ ਹੋਰ ਛੇ ਲੋਕ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਰਹਿਣਗੇ।
ਪ੍ਰਦਰਸ਼ਨਕਾਰੀ ਕਿਸਾਨ ਸਿੰਘੂ ਬਾਰਡਰ ਤੋਂ ਬੱਸਾਂ ਜ਼ਰੀਏ ਜੰਤਰ-ਮੰਤਰ ਪਹੁੰਚਣਗੇ। ਉਨ੍ਹਾਂ ਨੂੰ ਕੋਵਿਡ ਪਾਬੰਦੀਆਂ ਨੂੰ ਧਿਆਨ 'ਚ ਰੱਖਦਿਆਂ ਮਾਰਚ ਨਾ ਕੱਢਣ ਦੀ ਸਲਾਹ ਦਿੱਤੀ ਗਈ ਹੈ। ਪ੍ਰਦਰਸ਼ਨ ਨੂੰ ਲੈਕੇ ਦਿੱਲੀ ਪੁਲਿਸ ਨੇ ਕਿਹਾ ਕਿ ਕਿਸਾਨਾਂ ਦਾ ਸ਼ਾਂਤੀਪੂਰਵਕ ਪ੍ਰਦਰਸ਼ਨ ਹੋਵੇ ਇਸ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨੇ 9 ਅਗਸਤ ਤਕ ਜ਼ਿਆਦਾਤਰ 200 ਕਿਸਾਨਾਂ ਵੱਲੋਂ ਪ੍ਰਦਰਸ਼ਨ ਦੀ ਵਿਸ਼ੇਸ਼ ਇਜਾਜ਼ਤ ਦੇ ਦਿੱਤੀ ਹੈ। ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਸੰਸਦ ਦਾ ਮਾਨਸੂਨ ਸੈਸ਼ਨ ਜੇਕਰ 13 ਅਗਸਤ ਨੂੰ ਸਮਾਪਤ ਹੋਵੇਗਾ ਤਾਂ ਜੰਤਰ-ਮੰਤਰ 'ਤੇ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਵੀ 13 ਅਗਸਤ ਤਕ ਜਾਰੀ ਰਹੇਗਾ।
ਉੱਥੇ ਹੀ ਅਮਰੀਕਾ ਨੇ ਭਾਰਤ 'ਚ ਆਪਣੇ ਨਾਗਰਿਕਾਂ ਲਈ ਇਕ ਸੁਰੱਖਿਆ ਅਲਰਟ ਜਾਰੀ ਕੀਤਾ ਹੈ ਜਿਸ 'ਚ ਉਨ੍ਹਾਂ ਨੂੰ ਨਵੀਂ ਦਿੱਲੀ 'ਚ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਆਪਣੀ ਸੁਰੱਖਿਆ ਲਈ ਕਦਮ ਚੁੱਕਣ ਦੇ ਨਾਲ-ਨਾਲ ਪ੍ਰਮੁੱਖ ਖੇਤਰਾਂ, ਭੀੜ ਤੇ ਪ੍ਰਦਰਸ਼ਨਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਦੱਸ ਦੇਈਏ ਕਿ ਕਿਸਾਨ ਨਵੰਬਰ, 2020 ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਚੁੱਕੇ ਹਨ। ਹੁਣ ਤਕ ਸਰਕਾਰ ਤੇ ਕਿਸਾਨਾਂ ਵਿਚਾਲੇ 11 ਵਾਰ ਦੀ ਗੱਲਬਾਤ ਹੋ ਚੁੱਕੀ ਹੈ ਜੋ ਕਿਸੇ ਤਣ ਪੱਤਣ ਨਹੀਂ ਲੱਗੀ।