ਨਵੀਂ ਦਿੱਲੀ: ਆਮ ਤੌਰ 'ਤੇ ਗਰਮੀ ਦੇ ਦਿਨਾਂ 'ਚ ਏਸੀ ਤੇ ਕੂਲਰ ਦਾ ਜ਼ਿਆਦਾਤਰ ਘਰਾਂ 'ਚ ਇਸਤੇਮਾਲ ਕੀਤਾ ਜਾਂਦਾ ਹੈ। ਖ਼ਾਸਕਰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਜਿੱਥੇ ਭਿਆਨਕ ਗਰਮੀ ਦੇ ਚੱਲਦਿਆਂ ਲੋਕ ਬੇਚੈਨ ਹੋ ਜਾਂਦੇ ਹਨ। ਵਧਦੀ ਗਰਮੀ ਦੀ ਵਜ੍ਹਾ ਨਾਲ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਘਰਾਂ 'ਚ ਏਸੀ ਦਾ ਇਸਤੇਮਾਲ ਕੀਤਾ ਜਾਣ ਲੱਗਾ ਹੈ। ਪਰ ਜ਼ਰਾ ਸੋਚੋ ਕਿ ਅਚਾਨਕ ਜੇਕਰ ਘਰ ਦੇ ਏਸੀ 'ਚ ਸੱਪ ਫਸ ਜਾਵੇ ਤੇ ਉਹ ਵੀ ਅਜਗਰ ਤਾਂ ਫਿਰ ਦੇਖ ਕੇ ਤੁਹਾਡਾ ਕੀ ਹਾਲ ਹੋਵੇਗਾ।


ਜੀ ਹਾਂ ਇਹ ਕੋਈ ਕਹਾਣੀ ਨਹੀਂ ਬਲਕਿ ਸੱਚਮੁੱਚ ਦਾ ਇਹ ਵਾਕਯਾ ਰਾਸ਼ਟਰੀ ਰਾਜਧਾਨੀ ਦਿੱਲੀ ਦਾ ਹੈ। ਦਿੱਲੀ ਦੇ ਛੱਤਰਪੁਰ 'ਚ ਇਕ ਘਰ ਚ ਲੱਗੇ ਏਅਰ ਕੰਡੀਸ਼ਨਰ ਤੋਂ ਦੋ ਫੁੱਟ ਲੰਬਾ ਅਜਗਰ ਬਰਾਮਦ ਹੋਇਆ ਹੈ। ਦਰਅਸਲ ਏਸੀ ਦੇ ਕੰਮ ਨਾ ਕਰਨ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਉਸ 'ਚ ਝਾਕ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਏਕਜੌਸਟ ਟਿਊਬ ਦੇ ਜ਼ਰੀਏ ਇਕ ਅਜਗਰ ਏਸੀ 'ਚ ਦਾਖ਼ਲ ਹੋ ਗਿਆ ਸੀ ਤੇ ਉੱਥੇ ਫਸ ਗਿਆ।


ਪਰਿਵਾਰ ਨੇ ਤਤਕਾਲ ਇਸ ਦੀ ਜਾਣਕਾਰੀ ਜੰਗਲੀ ਜੀਵ ਸੁਰੱਖਿਆ ਸੰਗਠਨ 'ਜੰਗਲੀ ਜੀਵ SOS' ਦੀ ਹੈਲਪਲਾਈਨ 'ਤੇ ਦਿੱਤੀ। ਸੰਗਠਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਦੋ ਮੈਂਬਰਾਂ ਨੇ ਤਤਕਾਲ ਸੰਬੰਧਤ ਪਰਿਵਾਰ ਦੇ ਘਰ ਪਹੁੰਚ ਕੇ ਏਸੀ ਯੂਨਿਟ ਬਾਹਰ ਕੱਢਿਆ, ਉਸ ਦੇ ਪੁਰਜੇ ਵੱਖ ਕੀਤੇ ਤੇ ਫਿਰ ਫਸੇ ਸੱਪ ਨੂੰ ਬਾਹਰ ਕੱਢਿਆ।


ਇਸ ਤੋਂ ਬਾਅਦ ਸੱਪ ਦੀ ਜਾਂਚ ਕੀਤੀ ਗਈ ਤੇ ਠੀਕ ਪਾਏ ਜਾਣ 'ਤੇ ਉਸਨੂੰ ਜੰਗਲ 'ਚ ਛੱਡ ਦਿੱਤਾ ਗਿਆ। ਉੱਥੇ ਹੀ ਦਿੱਲੀ ਦੇ ਵਸੰਤ ਕੁੰਜ 'ਚ NIPGR ਦੇ ਬਾਗ 'ਚ ਲੱਗੇ ਜਾਲ 'ਚ ਪੰਜ ਫੁੱਟ ਲੰਬਾ ਧਾਮਣ ਸੱਪ ਫਸ ਗਿਆ। ਸੱਪ ਨੇ ਬਾਹਰ ਨਿੱਕਲਣ ਦਾ ਖੂਬ ਯਤਨ ਕੀਤਾ ਪਰ ਉਹ ਫਸਦਾ ਹੀ ਗਿਆ। ਬਾਅਦ 'ਚ ਸੰਗਠਨ ਦੇ ਕਰਮੀਆਂ ਨੇ ਜਾਲ ਕੱਟ ਕੇ ਸੱਪ ਮੁਕਤ ਕਰਾਇਆ।


ਦਰਅਸਲ ਬਾਰਸ਼ ਦੇ ਦਿਨਾਂ 'ਚ ਸੱਪ ਆਪਣੀਆਂ ਖੁੱਢਾਂ 'ਚੋਂ ਬਾਹਰ ਆ ਜਾਂਦੇ ਹਨ। ਇਸ ਲਈ ਅਜਿਹੇ ਮੌਸਮ 'ਚ ਖਾਸ ਸਾਵਧਾਨੀ ਦੀ ਲੋੜ ਹੁੰਦੀ ਹੈ। ਘਰ ਦੇ ਆਸਪਾਸ ਗੰਦਗੀ ਜਾਂ ਫਿਰ ਉਨ੍ਹਾਂ ਚੀਜ਼ਾਂ ਨੂੰ ਇਕੱਠਾ ਨਾ ਹੋਣ ਦਿਉ। ਜੇਕਰ ਕਿਸੇ ਦੇ ਘਰ 'ਚ ਅਜਿਹੇ ਕੁਝ ਪਾਇਆ ਜਾਂਦਾ ਹੈ ਤਾਂ ਉਸ ਤੋਂ ਬਚੋ ਤੇ ਫੌਰਨ ਜੰਗਲੀ ਜੀਵ ਅਧਿਕਾਰੀਆਂ ਨੂੰ ਫੋਨ ਕਰਕੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੋ।