ਅੰਮ੍ਰਿਤਸਰ: ਦਿੱਲੀ ਕਟੜਾ ਐਕਸਪ੍ਰੈਸ ਵੇਅ (ਵਾਇਆ ਅੰਮ੍ਰਿਤਸਰ) ਲਈ ਜ਼ਮੀਨ ਐਕਵਾਇਰ ਲਈ ਘੱਟ ਮੁਆਵਜ਼ੇ ਖਿਲਾਫ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਉਚਿਤ ਮੁਆਵਜਾ ਨਾ ਦਿੱਤਾ ਤਾਂ ਕਿਸਾਨ ਹੁਣ ਸੜਕਾਂ ਤੇ ਰੇਲਾਂ ਜਾਮ ਕਰਨਗੇ।
ਦਰਅਸਲ ਅੰਮ੍ਰਿਤਸਰ ਜ਼ਿਲ੍ਹੇ ਦੇ 33 ਪਿੰਡਾਂ ਦੀ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਲਈ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ 'ਤੇ ਸਰਕਾਰ ਉਪਰ ਕਾਣੀ ਵੰਡ ਕਰਨ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ। ਇਸ ਨੂੰ ਲੈ ਕੇ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢ ਦਿੱਤਾ ਹੈ।
ਅੰਮ੍ਰਿਤਸਰ 'ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੰਮ੍ਰਿਤਸਰ ਦੇ ਮਿੰਨੀ ਸਕੱਤਰੇਤ 'ਚ ਸਥਿਤ ਐਸਡੀਐਮ-2 ਦੇ ਦਫਤਰ ਬਾਹਰ ਜਾਰੀ ਧਰਨੇ ਨੂੰ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਸਰਕਾਰ ਨੇ ਕਿਸਾਨਾਂ ਨੂੰ ਉਚਿਤ ਮੁਆਵਜਾ ਨਾ ਦਿੱਤਾ ਤਾਂ ਕਿਸਾਨ ਹੁਣ ਸੜਕਾਂ ਤੇ ਰੇਲਾਂ ਜਾਮ ਕਰਨਗੇ।
ਵੱਖ ਵੱਖ ਪਿੰਡਾਂ ਤੋਂ ਕਿਸਾਨਾਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਦੋ ਮਈ ਤੋਂ ਜਾਰੀ ਧਰਨੇ ਦਾ ਮਾਨ ਸਰਕਾਰ ਤੇ ਕੋਈ ਅਸਰ ਨਹੀਂ ਜਿਸ ਦਾ ਸਾਨੂੰ ਬੇਹੱਦ ਦੁੱਖ ਹੈ ਕਿਉਂਕਿ ਛੇ ਮਹੀਨੇ ਪਹਿਲਾਂ ਆਪ ਦੇ ਆਗੂ ਜਦ ਸਾਡੇ ਕੋਲ ਆਉਂਦੇ ਸਨ ਤਾਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕਰਦੇ ਸਨ ਪਰ ਅੱਜ ਜਿਹੜੇ ਕਿਸਾਨ ਸਰਕਾਰੀ ਬਾਬੂਆਂ ਦੀਆਂ ਜੇਬਾਂ ਗਰਮ ਕਰ ਰਹੇ ਹਨ ਉਨਾਂ ਨੂੰ ਕਰੋੜਾ ਰੁਪਏ ਮੁਆਵਜਾ ਦਿੱਤਾ ਜਾ ਰਿਹਾ ਹੈ ਤੇ ਜਿਹੜੇ ਰਿਸ਼ਵਤ ਨਹੀਂ ਦੇ ਸਕਦੇ, ਉਨ੍ਹਾਂ ਨੂੰ ਉਚਿਤ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ।