ISI's New Conspiracy: ਪੰਜਾਬ ਦੇ ਮੁਹਾਲੀ 'ਚ ਸੋਮਵਾਰ ਸ਼ਾਮ ਨੂੰ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਹਮਲੇ ਤੋਂ ਬਾਅਦ ਜਿੱਥੇ ਸੁਰੱਖਿਆ ਏਜੰਸੀਆਂ ਇਸ ਦੀ ਪਰਤ-ਦਰ-ਪਰਤ ਉਧੇੜਨ 'ਚ ਜੁਟੀਆਂ ਹੋਈਆਂ ਹਨ, ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਭਾਰਤ ਖਿਲਾਫ ਨਵੀਂ ਸਾਜ਼ਿਸ਼ ਦਾ ਪਤਾ ਲੱਗਿਆ ਹੈ। ਖ਼ੁਫ਼ੀਆ ਦਸਤਾਵੇਜ਼ਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਨੂੰ ਇੱਕ ਵਾਰ ਫਿਰ ਦਹਿਲਾਉਣ ਦੀ ਤਿਆਰੀ ਹੋ ਰਹੀ ਹੈ।

ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਪੰਜਾਬ ਵਿੱਚ ਅੱਤਵਾਦੀ ਘਟਨਾਵਾਂ ਲਈ ਇੱਕ ਨਵੇਂ ਨਾਂ ਹੇਠ ਅੱਤਵਾਦੀ ਸਮੂਹ ਬਣਾਇਆ ਹੈ। ਨਵੇਂ ਅੱਤਵਾਦੀ ਸਮੂਹ ਦਾ ਨਾਂ ਲਸ਼ਕਰ-ਏ-ਖਾਲਸਾ ਰੱਖਿਆ ਗਿਆ ਹੈ। ਇਸ ਅੱਤਵਾਦੀ ਸਮੂਹ ਵਿੱਚ ਸ਼ਾਮਲ ਲੋਕਾਂ ਨੂੰ ਅਫਗਾਨ ਲੜਾਕਿਆਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਨੂੰ ਪੰਜਾਬ ਅੰਦਰ ਦਹਿਸ਼ਤੀ ਕਾਰਵਾਈਆਂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਅਫਗਾਨਿਸਤਾਨ ਅੱਤਵਾਦੀਆਂ ਨੂੰ ਵੀ ਲਸ਼ਕਰ-ਏ-ਖਾਲਸਾ ਵਿੱਚ ਸ਼ਾਮਲ ਕੀਤਾ ਗਿਆ ਹੈ। ਅਫਗਾਨ ਅੱਤਵਾਦੀਆਂ ਕੋਲ ਆਰਪੀਜੀ ਸਮੇਤ ਸਾਰੇ ਆਧੁਨਿਕ ਹਥਿਆਰ ਚਲਾਉਣ ਦਾ ਤਜਰਬਾ ਹੈ। ਇਸ ਗਰੁੱਪ ਰਾਹੀਂ ਜੰਮੂ-ਕਸ਼ਮੀਰ ਵਿੱਚ ਹਮਲੇ ਕਰਵਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਅੱਤਵਾਦੀ ਗਰੁੱਪ ਵਿੱਚ ਪੰਜਾਬ ਤੇ ਹਰਿਆਣਾ ਦੇ ਸਥਾਨਕ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਵੀ ਸ਼ਾਮਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਨਸ਼ਿਆਂ ਰਾਹੀਂ ਪੈਸਾ ਕਮਾਉਣ ਦਾ ਲਾਲਚ ਦਿੱਤਾ ਜਾ ਰਿਹਾ ਹੈ।

ਉਧਰ ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ’ਤੇ ਹੋਏ ਇਸ ਹਮਲੇ ਨੂੰ ਟ੍ਰੇਸ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਰਾਕੇਟ ਪ੍ਰੋਪੇਲਡ ਗ੍ਰਨੇਡ ਅਟੈਕ ਹੈ ਤੇ ਇਸ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਹਮਲਾ ਹੋਇਆ, ਉਸ ਸਮੇਂ ਦਫਤਰ ਵਿਚ ਕੋਈ ਨਹੀਂ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਤੇਜ਼ੀ ਨਾਲ ਜਾਂਚ ਚੱਲ ਰਹੀ ਹੈ ਤੇ ਜਲਦੀ ਹੀ ਸਾਰਾ ਕੁੱਝ ਸਾਫ ਕਰ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ :ਸੜਕ 'ਤੇ ਟਰੈਕਟਰ ਨਾਲ ਵਾਪਰਿਆ ਅਜਿਹਾ ਭਿਆਨਕ ਹਾਦਸਾ, ਵਾਲ-ਵਾਲ ਬਚੀ ਲੋਕਾਂ ਦੀ ਜਾਨ, ਟਰੈਕਟਰ ਦੇ ਹੋਏ ਦੋ ਟੁਕੜੇ