Farmers Protest: ਪੰਜਾਬ ਤੇ ਹਰਿਆਣਾ ਦੀ ਖਨੌਰੀ ਸਰਹੱਦ 'ਤੇ 21 ਫਰਵਰੀ ਨੂੰ ਪੁਲਿਸ ਨਾਲ ਝੜਪ 'ਚ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਸਬੰਧੀ ਪੰਜਾਬ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਆਈਪੀਐਸ ਦੀ ਧਾਰਾ 302 (ਕਤਲ) ਤੇ 114 ਤਹਿਤ ਕੇਸ ਦਰਜ ਕਰ ਲਿਆ ਹੈ। ਉਂਝ ਇਸ ਐਫਆਈਆਰ ਵਿੱਚ ਕਿਸੇ ਨੂੰ ਨਾਮਜਦ ਨਹੀਂ ਕੀਤਾ। ਪੰਜਾਬ ਪੁਲਿਸ ਨੇ ਕਿਸਾਨ ਜਥੇਬੰਦੀਆਂ ਦੇ ਦਬਾਅ ਮਗਰੋਂ ਦਰਜ ਕੀਤੀ ਹੈ। 



ਹਾਸਲ ਜਾਣਕਾਰੀ ਮੁਤਾਬਕ ਮੁਲਜ਼ਮਾਂ ਦੀ ਪਛਾਣ ਕਰਨ ਲਈ ਪੁਲਿਸ ਘਟਨਾ ਵਾਲੇ ਦਿਨ ਦੀਆਂ ਫੋਟੋਆਂ ਤੇ ਵੀਡੀਓਜ਼ ਇਕੱਠੀਆਂ ਕਰੇਗੀ। ਇਸ ਦੇ ਆਧਾਰ 'ਤੇ ਮਾਮਲੇ 'ਚ ਮੁਲਜ਼ਮ ਨਾਮਜਦ ਕੀਤੇ ਜਾਣਗੇ। ਇਹ ਮਾਮਲਾ ਪਟਿਆਲਾ ਦੇ ਪਾਤੜਾਂ ਥਾਣੇ ਵਿੱਚ ਦਰਜ ਕੀਤਾ ਗਿਆ ਹੈ।



ਇਸ ਤੋਂ ਬਾਅਦ ਦੇਰ ਰਾਤ ਨਿਊਰੋ ਸਰਜਨ ਸਮੇਤ 5 ਡਾਕਟਰਾਂ ਦੇ ਬੋਰਡ ਨੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਸ਼ੁਭਕਰਨ ਦੀ ਦੇਹ ਦਾ ਪੋਸਟਮਾਰਟਮ ਕੀਤਾ। ਪੂਰੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਖਨੌਰੀ ਬਾਰਡਰ ਵਿਖੇ ਰੱਖਿਆ ਜਾਵੇਗਾ। ਇਸ ਤੋਂ ਬਾਅਦ ਸ਼ੁਭਕਰਨ ਦਾ ਅੰਤਿਮ ਸੰਸਕਾਰ ਬਠਿੰਡਾ ਦੇ ਪਿੰਡ ਬੱਲੋ ਵਿਖੇ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ।


ਉਧਰ ਸ਼ੁਭਕਰਨ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਐਡਵੋਕੇਟ ਹਰਿੰਦਰ ਸਿੰਘ ਨੇ ਸ਼ੁਭਕਰਨ ਦੀ ਮੌਤ ਦੀ ਜਾਂਚ ਲਈ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਐਡਵੋਕੇਟ ਹਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਜਾਂਚ ’ਤੇ ਕਿਸੇ ਨੂੰ ਭਰੋਸਾ ਨਹੀਂ ਹੈ। ਇਸ ਲਈ ਅਦਾਲਤ ਸ਼ੁਭਕਰਨ ਦੀ ਮੌਤ ਦੀ ਜਾਂਚ ਸੇਵਾਮੁਕਤ ਜੱਜ ਤੋਂ ਕਰਵਾਉਣ ਦੇ ਹੁਕਮ ਦੇਵੇ। ਇਸ ਮਾਮਲੇ ਦੀ ਸੁਣਵਾਈ 29 ਫਰਵਰੀ ਨੂੰ ਹੋਵੇਗੀ।


ਹਰਿਆਣਾ ਦੀਆਂ ਹੱਦਾਂ ਉਪਰ ਡਟੇ ਕਿਸਾਨ ਅੱਜ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਦਿੱਲੀ ਕੂਚ ਲਈ ਹਜ਼ਾਰਾਂ ਕਿਸਾਨ ਟਰੈਕਟਰ-ਟਰਾਲੀਆਂ ਨਾਲ ਪਿਛਲੇ 17 ਦਿਨਾਂ ਤੋਂ ਸ਼ੰਭੂ ਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਡਟੇ ਹੋਏ ਹਨ। ਇਸ ਦੌਰਾਨ ਸੱਤ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਚੋਂ ਸਭ ਤੋਂ ਛੋਟੀ ਉਮਰ ਦੇ ਸ਼ੁਭਕਰਨ ਸਿੰਘ ਦੀ ਮੌਤ ਸਿਰ ’ਚ ਗੋਲੀ ਲੱਗਣ ਕਾਰਨ ਹੋਈ ਸੀ। 


ਸ਼ੁਭਕਰਨ ਦੀ ਮੌਤ ਸਬੰਧੀ ਉਲੀਕਿਆ ਸੋਗ ਹਫਤਾ ਅੱਜ 29 ਫਰਵਰੀ ਨੂੰ ਪੂਰਾ ਹੋਣ ਜਾ ਰਿਹਾ ਹੈ। ਇਸ ਤਹਿਤ ਉਲੀਕੇ ਪ੍ਰੋਗਰਾਮ ਅਧੀਨ ਕਿਸਾਨ ਆਗੂਆਂ ਵੱਲੋਂ 29 ਫਰਵਰੀ ਨੂੰ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਉਂਝ ਬਹੁਤੇ ਕਿਸਾਨਾਂ ਦੀ ਇਹੀ ਰਾਏ ਹੈ ਕਿ ਸ਼ੁਭਕਰਨ ਦੇ ਸਸਕਾਰ ਤੱਕ ਦਿੱਲੀ ਕੂਚ ਦੀ ਬਜਾਏ ਅਜੇ ਕੁਝ ਦਿਨ ਹੋਰ ਇੱਥੇ ਹੀ ਡੇਰੇ ਲਾ ਕੇ ਰੱਖੇ ਜਾਣ। 


ਦੱਸ ਦਈਏ ਕਿ ਸ਼ੁਭਕਰਨ ਦੀ ਮੌਤ ਉਪਰੰਤ ਕਿਸਾਨ ਆਗੂਆਂ ਵੱਲੋਂ 24 ਫਰਵਰੀ ਨੂੰ ਕੇਂਦਰ ਤੇ ਹਰਿਆਣਾ ਸਰਕਾਰ ਖਿਲਾਫ਼ ਰੋਸ ਮੁਜ਼ਾਹਰੇ ਕੀਤੇ ਗਏ। 25 ਫਰਵਰੀ ਨੂੰ ਵਿਸ਼ਵ ਵਪਾਰ ਸੰਸਥਾ ਸਬੰਧੀ ਵਿਦਵਾਨਾਂ ਨੇ ਤਕਰੀਰਾਂ ਕੀਤੀਆਂ। 26 ਨੂੰ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ ਗਏ ਤੇ 27 ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖੋ ਵੱਖਰੇ ਤੌਰ ’ਤੇ ਜਦਕਿ 28 ਨੂੰ ਦੋਵਾਂ ਫੋਰਮਾਂ ਨੇ ਸਾਂਝੀਆ ਮੀਟਿੰਗਾਂ ਕੀਤੀਆਂ। ਇਨ੍ਹਾਂ ਦੋ ਦਿਨਾਂ ਦੌਰਾਨ ਸਾਹਮਣੇ ਆਈ ਸਾਂਝੀ ਰਾਇ ਦੇ ਆਧਾਰ ’ਤੇ ਹੀ ਕਿਸਾਨ ਆਗੂਆਂ ਵੱਲੋਂ ਅੱਜ ਸੰਘਰਸ਼ ਦੀ ਅਗਲੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ।