ਨਵੀਂ ਦਿੱਲੀ: ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਭੇਜੇ ਸੱਦੇ ਨੂੰ ਠੁਕਰਾ ਦਿੱਤਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸੱਦਾ ਸ਼ਰਤਾਂ ਦੇ ਨਾਲ ਹੈ ਇਸ ਲਈ ਅਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ।ਸਰਕਾਰ ਬਿਨ੍ਹਾਂ ਸ਼ਰਤਾਂ ਤੋਂ ਸੱਦਾ ਭੇਜੇ।ਦੱਸ ਦੇਈਏ ਕਿ ਕੱਲ੍ਹ ਨੂੰ ਗ੍ਰਹਿ ਮੰਤਰੀ ਨਾਲ ਮੁਲਾਕਾਤ ਤੈਅ ਹੋਈ ਸੀ ਪਰ ਕਿਸਾਨਾਂ ਨੇ ਇਸ ਨੂੰ ਠੁਕਰਾ ਦਿੱਤਾ ਹੈ।ਕਿਸਾਨ ਜੱਥੇਬੰਦੀਆਂ ਨੇ ਅੱਜ ਚਰਚਾ ਮਗਰੋਂ ਇਸ ਸੱਦੇ ਨੂੰ ਠੁਕਰਾ ਦਿੱਤਾ ਹੈ।
ਜਾਣਕਾਰੀ ਮੁਤਾਬਿਕ 3 ਦਸੰਬਰ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਲਈ ਕੇਂਦਰ ਨੇ ਸੱਦਾ ਦਿੱਤਾ ਸੀ।ਜਿਸ ਵਿੱਚ ਸ਼ਰਤ ਰੱਖੀ ਗਈ ਸੀ ਕਿਸਾਨ ਸੜਕਾਂ ਦੀ ਬਜਾਏ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਚ ਬੈਠ ਜਾਣ ਤੇ ਫੇਰ ਉਨ੍ਹਾਂ ਦੀ ਗੱਲ ਸੁਣੀ ਜਾਏਗੀ।
ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਹੁਣ ਅੰਦੋਲਨ ਕਰਨ ਲਈ ਦਿੱਲੀ ਪਹੁੰਚ ਚੁੱਕੇ ਹਨ। ਫਿਲਹਾਲ ਅੰਦੋਲਨ ਦੀ ਕੋਈ ਜਗ੍ਹਾ ਤੈਅ ਨਹੀਂ ਹੋ ਪਾਈ।ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਬੁਰਾੜੀ ਵਿੱਚ ਧਰਨਾ ਨਹੀਂ ਦੇਣਗੇ।ਉਹ ਦਿੱਲੀ ਦੇ ਜੰਤਰ ਮੰਤਰ 'ਚ ਹੀ ਧਰਨਾ ਮੱਲਣਗੇ।ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਤਿੰਨ ਦਿਨਾਂ ਤੋਂ ਦਿੱਲੀ 'ਚ ਅੰਦੋਲਨ ਕਰ ਰਹੇ ਹਨ। ਕਿਸਾਨ ਐਤਵਾਰ ਨੂੰ ਵੀ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ‘ਤੇ ਅੜੇ ਰਹੇ। ਕਿਸਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਕਿ ਜੇ ਉਹ ਪਹਿਲਾਂ ਸ਼ਾਂਤੀ ਨਾਲ ਬੁਰਾੜੀ ਦੇ ਨਿਰੰਕਾਰੀ ਮੈਦਾਨ ਵਿੱਚ ਬੈਠ ਜਾਣ ਤਾਂ ਸਰਕਾਰ ਫੇਰ ਉਨ੍ਹਾਂ ਨਾਲ ਗੱਲਬਾਤ ਕਰੇਗੀ।