ਨਵੀਂ ਦਿੱਲੀ: ਕਿਸਾਨ ਅੰਦੋਲਨ ਕਾਰਨ ਦਿੱਲੀ ਦੀਆਂ ਸਬਜ਼ੀ ਤੇ ਫਰੂਟ ਮੰਡੀਆਂ ਵਿੱਚ ਦਿਕਤ ਆਉਣੀ ਸ਼ੁਰੂ ਹੋ ਗਈ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ ਦੇ ਸਾਰੇ ਬਾਰਡਰ ਸੀਲ ਹਨ ਜਿਸ ਕਾਰਨ ਸਬਜ਼ੀਆਂ ਤੇ ਫਲਾਂ ਦੀ ਸਪਲਾਈ ਵਿੱਚ ਮੁਸ਼ਕਲ ਆ ਰਹੀ ਹੈ। ਫਿਲਹਾਲ ਸ਼ਾਰਟੇਜ ਤਾਂ ਨਹੀਂ ਪਰ ਸਬਜ਼ੀਆਂ ਤੇ ਫਲਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ ਜੇਕਰ ਸਥਿਤੀ ਅਜਿਹੀ ਹੀ ਰਹੀ।
ਅਜ਼ਾਦਪੁਰ ਮੰਡੀ, ਜੋ ਦਿੱਲੀ ਦੀ ਸਭ ਤੋਂ ਵੱਡੀ ਫਲ ਤੇ ਸਬਜ਼ੀਆਂ ਦੀ ਮੰਡੀ ਹੈ, ਵਿੱਚ ਸ਼ੁੱਕਰਵਾਰ ਤੋਂ ਆਮਦ 'ਚ ਗਿਰਾਵਟ ਦੇਖਣ ਨੂੰ ਮਿਲੀ। ਅਜ਼ਾਦਪੁਰ ਮੰਡੀ 'ਚ ਹਰ ਰੋਜ਼ ਨਾ ਸਿਰਫ ਰਾਜਾਂ ਬਲਕਿ ਵਿਦੇਸ਼ਾਂ ਤੋਂ ਵੀ ਮਾਲ ਪਹੁੰਚਦਾ ਹੈ।
ਰੋਜ਼ਾਨਾ ਆਉਣ ਵਾਲੇ ਫਲਾਂ ਦੀ ਮਾਤਰਾ ਹੁਣ ਆਮ 5,500 ਟਨ ਦੀ ਬਜਾਏ ਲਗਪਗ 2,800 ਟਨ ਹੈ ਤੇ ਸਬਜ਼ੀਆਂ ਦੀ ਮਾਤਰਾ ਆਮ 6,500 ਟਨ ਨਾਲੋਂ 5,600 ਟਨ ਹੋ ਗਈ ਹੈ। ਮੰਡੀ ਦੇ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਬਾਰਡਰ ਸੀਲ ਹੋਣ ਨਾਲ ਮੰਡੀ ਤੇ ਪ੍ਰਭਾਵ ਪੈ ਰਿਹਾ ਹੈ।