ਨਵੀਂ ਦਿੱਲੀ: ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਹੁਣ ਅੰਦੋਲਨ ਕਰਨ ਲਈ ਦਿੱਲੀ ਪਹੁੰਚ ਚੁੱਕੇ ਹਨ। ਫਿਲਹਾਲ ਅੰਦੋਲਨ ਦੀ ਕੋਈ ਜਗ੍ਹਾ ਤੈਅ ਨਹੀਂ ਹੋ ਪਾਈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੱਲ੍ਹ ਕਿਹਾ ਸੀ ਕਿ ਸੜਕ 'ਤੇ ਅੰਦੋਲਨ ਕਰਨ ਦੀ ਬਜਾਏ, ਕਿਸਾਨਾਂ ਨੂੰ ਕਿਸੇ ਖਾਸ ਜਗ੍ਹਾ' ਤੇ ਅੰਦੋਲਨ ਕਰਨਾ ਚਾਹੀਦਾ ਹੈ।


ਅਮਿਤ ਸ਼ਾਹ ਦੇ ਪ੍ਰਸਤਾਵ 'ਤੇ, ਕਿਸਾਨ ਸੰਗਠਨ ਸਵੇਰੇ 11 ਵਜੇ ਬੈਠਕ ਕਰਨਗੇ। ਇਸ ਤੋਂ ਇਲਾਵਾ ਕਿਸਾਨ ਹੋਰ ਰਣਨੀਤੀਆਂ ਬਾਰੇ ਵੀ ਵਿਚਾਰ ਵਟਾਂਦਰੇ ਕਰਨਗੇ। ਉਸਤੋਂ  ਬਾਅਦ, ਸਾਰੀਆਂ ਕਿਸਾਨ ਜੱਥੇਬੰਦੀਆਂ ਦੁਪਹਿਰ 2 ਵਜੇ ਇਕੱਠੀਆਂ ਹੋਣਗੀਆਂ।

ਟਿਕਰੀ ਬਾਡਰ 'ਤੇ ਕਿਸਾਨ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, "ਸੱਤ ਲੱਖ ਲੋਕ ਪੰਜਾਬ ਤੋਂ ਆਏ ਹਨ। ਅਸੀਂ ਇਥੇ ਰਹਾਂਗੇ, ਸਾਰੀਆਂ ਸੜਕਾਂ ਜਾਮ ਕਰਾਂਗੇ। ਅਸੀਂ 6 ਮਹੀਨਿਆਂ ਦਾ ਰਾਸ਼ਨ ਲਿਆਂਦਾ ਹੋਇਆ ਹੈ।" ਇਸ ਤੋਂ ਇਹ ਸਾਫ ਹੁੰਦਾ ਹੈ ਕਿ ਕਿਸਾਨ ਲੰਬੀ ਲੜਾਈ ਲੜ੍ਹਨ ਲਈ ਤਿਆਰੀ ਕਰਕੇ ਆਏ ਹਨ।

ਪੰਜਾਬ ਦੀ ਕਿਸਾਨੀ ਜੱਥੇਬੰਦੀ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਵੀ ਬੁਰਾੜੀ ਨਾ ਜਾਣ ਲਈ ਸਹਿਮਤੀ ਜਤਾਈ ਹੈ। ਜਥੇਬੰਦੀ ਦੇ ਨੇਤਾਵਾਂ ਨੇ ਦਾਅਵਾ ਕੀਤਾ ਕਿ ਇੱਕ ਲੱਖ ਤੋਂ ਵੱਧ ਕਿਸਾਨ ਟਰੈਕਟਰ-ਟਰਾਲੀਆਂ, ਬੱਸਾਂ-ਗੱਡੀਆਂ ਵਿੱਚ ਕੌਮੀ ਰਾਜਧਾਨੀ ਵੱਲ ਮਾਰਚ ਕਰ ਰਹੇ ਹਨ।ਕਿਸਾਨ ਲੰਬੇ ਸਮੇਂ ਤੋਂ ਜੰਮੇ ਰਹਿਣ ਲਈ ਤਿਆਰ ਹਨ, ਉਨ੍ਹਾਂ ਦੇ ਵਾਹਨ ਰਾਸ਼ਨ, ਬਰਤਨ, ਕੰਬਲ ਰਜਾਈਆਂ ਨਾਲ ਭਰੇ ਹੋਏ ਹਨ। ਇੱਕ ਪ੍ਰਦਰਸ਼ਨਕਾਰੀ ਕਿਸਾਨ ਨੇ ਕਿਹਾ, "ਜਦੋਂ ਤੱਕ ਕੇਂਦਰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਅਸੀਂ ਵਾਪਸ ਨਹੀਂ ਜਾਵਾਂਗੇ।"