Farmers Protest: ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਅੱਜ 23 ਮਾਰਚ ਨੂੰ ਕਿਸਾਨਾਂ ਦੇ ਧਰਨੇ ਨੂੰ 40 ਦਿਨ ਹੋ ਗਏ ਹਨ ਤੇ ਉਹ ਆਪਣੀਆਂ ਮੰਗਾਂ 'ਤੇ ਅੜੇ ਰਹੇ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ ਸ਼ੁੱਕਰਵਾਰ ਨੂੰ ਹਿਸਾਰ 'ਚ ਸ਼ਹੀਦੀ ਇਕੱਠ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਸਮੇਤ ਕਈ ਕਿਸਾਨ ਆਗੂ ਪੁੱਜੇ ਹੋਏ ਹਨ। ਇਸ ਤੋਂ ਇਲਾਵਾ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਭਲਕੇ 23 ਮਾਰਚ ਨੂੰ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਅੰਤਰਰਾਸ਼ਟਰੀ ਪਹਿਲਵਾਨ ਬਜਰੰਗ ਪੁਨੀਆ ਤੇ ਹੋਰ ਦਿੱਗਜ ਸ਼ਿਰਕਤ ਕਰਨਗੇ। ਇਸ ਤੋਂ ਬਾਅਦ 27 ਮਾਰਚ ਨੂੰ ਰਾਜਸਥਾਨ ਅਤੇ 31 ਮਾਰਚ ਨੂੰ ਅੰਬਾਲਾ ਦੀ ਮੋਹੜਾ ਅਨਾਜ ਮੰਡੀ ਵਿੱਚ ਸ਼ਹੀਦੀ ਇਕੱਠ ਹੋਣਾ ਹੈ।


ਅਸਥੀ ਕਲਸ਼ ਯਾਤਰਾ


ਦੱਸ ਦਈਏ ਕਿ 21 ਫਰਵਰੀ ਨੂੰ ਕਿਸਾਨ ਅੰਦੋਲਨ ਦੌਰਾਨ ਹੋਏ ਪ੍ਰਦਰਸ਼ਨ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ 6 ਦਿਨ ਪਹਿਲਾਂ ਸ਼ੰਭੂ ਸਰਹੱਦ ਤੋਂ ਅਸਤੀ ਕਲਸ਼ ਯਾਤਰਾ ਕੱਢੀ ਗਈ। ਇਹ ਯਾਤਰਾ ਪੰਚਕੂਲਾ, ਚੰਡੀਗੜ੍ਹ, ਯਮੁਨਾਨਗਰ ਅਤੇ ਕੁਰੂਕਸ਼ੇਤਰ ਤੋਂ ਹੁੰਦੀ ਹੋਈ ਕਰਨਾਲ ਦੇ ਨੀਲੋਖੇੜੀ ਪਹੁੰਚੀ। ਅੱਜ 23 ਮਾਰਚ ਨੂੰ ਯਾਤਰਾ ਦਾ 8ਵਾਂ ਦਿਨ ਹੈ। ਕਰਨਾਲ ਤੋਂ ਬਾਅਦ ਕਲਸ਼ ਯਾਤਰਾ ਕੈਥਲ ਅਤੇ ਫਿਰ ਅੰਬਾਲਾ ਜ਼ਿਲ੍ਹੇ 'ਚ 3 ਦਿਨ ਚੱਲੇਗੀ। ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 3 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।


 
ਤੁਹਾਨੂੰ ਦੱਸ ਦਈਏ ਕਿ ਕਿਸਾਨ ਐਮਐਸਪੀ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਣੇ ਕਈ ਹੋਰ ਮੰਗਾਂ 'ਤੇ ਅੜੇ ਹਨ। ਕਿਸਾਨ ਅੰਦੋਲਨ ਦੀ ਸ਼ੁਰੂਆਤ ਵਿੱਚ ਹੁਣ ਤੱਕ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਕੇਂਦਰੀ ਮੰਤਰੀਆਂ ਨਾਲ 4 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਪਰ ਹੁਣ ਤੱਕ ਇਸ ਮਾਮਲੇ ਦਾ ਕੋਈ ਨਤੀਜਾ ਨਹੀਂ ਨਿੱਕਲਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਹੜਤਾਲ 'ਤੇ ਰਹਿਣਗੇ। ਹਾਲਾਂਕਿ ਸਰਕਾਰ ਵੱਲੋਂ ਹਾਲ ਹੀ ਵਿੱਚ ਗੱਲਬਾਤ ਦਾ ਕੋਈ ਪ੍ਰਸਤਾਵ ਨਹੀਂ ਰੱਖਿਆ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਦਾ ਅੰਦੋਲਨ ਵੀ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ।