ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਫਾਰੂਕ ਅਬਦੁੱਲਾ ਨੇ ਭਾਰਤ ਪਾਕਿ ਵੰਡ ਬਾਰੇ ਵੱਡਾ ਬਿਆਨ ਦੇ ਦਿੱਤਾ ਹੈ। ਫਾਰੂਕ ਨੇ ਹਿੰਦੋਸਤਾਨ ਦੇ ਬਟਵਾਰੇ ਲਈ ਸਿੱਧੇ ਤੌਰ 'ਤੇ ਜਵਾਹਰ ਲਾਲ ਨਹਿਰੂ ਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਜ਼ਿੰਮੇਵਾਰ ਮੰਨਿਆ ਹੈ।

ਉਨ੍ਹਾਂ ਸ਼ਨੀਵਾਰ ਨੂੰ ਕਿਹਾ ਕਿ ਮੁਹੰਮਦ ਅਲੀ ਜਿਨਾਹ ਪਾਕਿਸਤਾਨ ਬਣਾਉਣ ਵਾਲੇ ਨਹੀਂ ਸਨ। ਉਨ੍ਹਾਂ ਕਿਹਾ, "ਕਮਿਸ਼ਨ ਆਇਆ, ਉਸ ਵਿੱਚ ਫੈਸਲਾ ਕੀਤਾ ਗਿਆ ਕਿ ਹਿੰਦੁਸਤਾਨ ਦਾ ਬਟਵਾਰਾ ਨਹੀਂ ਕਰਾਂਗੇ। ਅਸੀਂ ਮੁਸਲਮਾਨਾਂ ਲਈ ਵਿਸ਼ੇਸ਼ ਲੀਡਰਸ਼ਿਪ ਰੱਖਾਂਗੇ, ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨੂੰ ਵੀ ਵਿਸ਼ੇਸ਼ ਲੀਡਰਸ਼ਿਪ ਦੇਵਾਂਗੇ ਪਰ ਦੇਸ਼ ਦੀ ਵੰਡ ਨਹੀਂ ਕਰਾਂਗੇ।"



ਅਬਦੁੱਲਾ ਨੇ ਕਿਹਾ ਕਿ ਜਿਨਾਹ ਨੇ ਇਸ ਨੂੰ ਸਵੀਕਾਰ ਕਰ ਲਿਆ ਜਦਕਿ ਜਵਾਹਰ ਲਾਲ ਨਹਿਰੂ, ਮੌਲਾਨਾ ਆਜ਼ਾਦ ਤੇ ਸਰਦਾਰ ਪਟੇਲ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਇਹ ਨਹੀਂ ਹੋਇਆ ਤਾਂ ਜਿਨਾਹ ਵੱਖ ਦੇਸ਼ ਪਾਕਿਸਤਾਨ ਦੀ ਮੰਗ ਕਰਨ ਲੱਗੇ।

ਫਾਰੂਕ ਅਬਦੁੱਲਾ ਨੇ ਕਿਹਾ ਕਿ ਜੇਕਰ ਉਸ ਸਮੇਂ ਮੰਗਾਂ ਮੰਨ ਲਈਆਂ ਗਈਆਂ ਹੁੰਦੀਆਂ ਤਾਂ ਅਜਿਹਾ ਮੁਲਕ ਕਿਤੇ ਨਹੀਂ ਸੀ ਹੋਣਾ। ਉਨ੍ਹਾਂ ਕਿਹਾ ਕਿ ਜੇਕਰ ਨਹਿਰੂ, ਪਟੇਲ ਤੇ ਮੌਲਾਨਾ ਆਜ਼ਾਦ ਵਰਗੇ ਵੱਡੇ ਨੇਤਾ ਇਸ ਪੇਸ਼ਕਸ਼ ਨੂੰ ਮੰਨ ਲੈਂਦੇ ਤਾਂ ਅੱਜ ਕੋਈ ਬੰਗਲਾਦੇਸ਼, ਪਾਕਿਸਤਾਨ ਨਹੀਂ ਸੀ ਹੋਣਾ ਬਲਕਿ ਹਿੰਦੁਸਤਾਨ ਹੋਣਾ ਸੀ।