ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਫਾਰੂਕ ਅਬਦੁੱਲਾ ਨੇ ਕਿਹਾ ਕਿ ਸ਼ੱਕ ਹੈ ਕਿ 40 ਲੋਕ ਸੀਆਰਪੀਐਫ ਦੇ ਸ਼ਹੀਦ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਆਮ ਚੋਣਾਂ ਭਾਰਤ ਨੂੰ ਬਚਾਉਣ ਦੀ ਲੜਾਈ ਹਨ।
ਬਾਲਾਕੋਟ ਹਵਾਈ ਹਮਲੇ ਦਾ ਹਵਾਲਾ ਦਿੰਦੇ ਹੋਏ ਅਬਦੁੱਲਾ ਨੇ ਕਿਹਾ ਕਿ ਸੰਸਦ ਦੇ ਆਖਰੀ ਦਿਨਾਂ ਵਿੱਚ ਕਈ ਮੈਂਬਰਾਂ ਨੇ ਕਿਹਾ ਸੀ ਕਿ ਮੋਦੀ ਸਰਕਾਰ ਸਾਰੇ ਮੋਰਚਿਆਂ 'ਤੇ ਫੇਲ੍ਹ ਰਹੀ ਹੈ ਅਤੇ ਉਸ ਕੋਲ ਦਿਖਾਉਣ ਲਈ ਵੀ ਕੁਝ ਨਹੀਂ ਬਚਿਆ। ਇਸ ਲਈ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਜੰਗ ਜਿਹੇ ਹਾਲਾਤ ਬਣਾ ਦਿੱਤੇ ਹਨ।
ਅਬਦੁੱਲਾ ਨੇ ਕਿਹਾ. "ਉਨ੍ਹਾਂ (ਮੋਦੀ ਨੇ) ਕੀ ਕੀਤਾ? ਛੱਤੀਸਗੜ੍ਹ ਵਿੱਚ ਇੰਨੇ ਭਾਰਤੀ ਜਵਾਨ ਸ਼ਹੀਦ ਹੋਏ ਕੀ ਮੋਦੀ ਉੱਥੇ ਸ਼ਰਧਾਂਜਲੀ ਦੇਣ ਗਏ? ਕੀ ਉਨ੍ਹਾਂ ਕਦੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ? ਕੀ ਉਨ੍ਹਾਂ ਇੱਥੇ ਮਰ ਰਹੇ ਜਵਾਨਾਂ ਬਾਰੇ ਕੁਝ ਬੋਲਿਆ? (ਪੁਲਵਾਮਾ ਵਿੱਚ) ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ, ਮੈਨੂੰ ਇਸ ਨੂੰ ਲੈ ਕੇ ਵੀ ਸ਼ੱਕ ਹੈ ਤੇ ਇਸ ਲਈ ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ।"
ਫਾਰੂਕ ਅਬਦੁੱਲਾ ਨੇ ਕਿਹਾ, "ਉਨ੍ਹਾਂ ਇਹ ਕਹਿ ਕੇ ਪਾਕਿਸਤਾਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ 300 (ਅੱਤਵਾਦੀ) ਮਾਰੇ ਹਨ। ਕੁਝ ਨੇ ਕਿਹਾ ਕਿ 500 ਮਾਰੇ ਹਨ। ਕੁਝ ਨੇ ਤਾਂ ਇਹ ਵੀ ਕਿਹਾ ਕਿ 1000 ਮਾਰੇ ਹਨ। ਸਿਰਫ ਇਹ ਦਿਖਾਉਣਾ ਸੀ ਕਿ ਉਨ੍ਹਾਂ ਵਿੱਚ ਹਿੰਮਤ ਹੈ ਤੇ ਉਹ ਕੁਝ ਵੀ ਕਰ ਸਕਦੇ ਹਨ।" ਅਬਦੁੱਲਾ ਨੇ ਇਹ ਵੀ ਕਿਹਾ ਕਿ ਇਹ ਚੋਣਾਂ ਭਾਰਤ ਨੂੰ ਬਚਾਉਣ ਲਈ ਹਨ। ਇਹ ਸਿਰਫ ਜੰਮੂ ਕਸ਼ਮੀਰ ਲਈ ਨਹੀਂ ਬਲਕਿ ਤੁਹਾਨੂੰ ਆਪਣੀ ਧਾਰਮਿਕ ਆਜ਼ਾਦੀ ਦੀ ਵੀ ਰਾਖੀ ਕਰਨੀ ਹੋਵੇਗੀ।