ਚੰਡੀਗੜ੍ਹ: ਬੰਗਾਲ ਵਿੱਚ ਇੱਕ ਪਿਤਾ ਨੇ ਆਪਣੀ ਧੀ ਦੇ ਵਿਆਹ ਮੌਕੇ ਉਸ ਦਾ ਕੰਨਿਆਦਾਨ ਕਰਨ ਤੋਂ ਮਨ੍ਹਾ ਕਰ ਦਿੱਤਾ ਜਿਸ ਕਰਕੇ ਉਹ ਕਾਫੀ ਚਰਚਾ ਵਿੱਚ ਆ ਗਏ ਹਨ। ਦਰਅਸਲ ਬੰਗਾਲੀ ਰੀਤੀ-ਰਿਵਾਜ਼ਾਂ ਨਾਲ ਹੋ ਰਹੇ ਵਿਆਹ ਵਿੱਚ ਜਦੋਂ ਮਹਿਲਾ ਪੰਡਿਤ ਨੇ ਲੜਕੀ ਦੇ ਪਿਤਾ ਨੂੰ ਕੰਨਿਆ ਦਾਨ ਦੀ ਰਸਮ ਕਰਨ ਲਈ ਕਿਹਾ ਤਾਂ ਪਿਤਾ ਨੇ ਸਾਫ ਇਨਕਾਰ ਕਰ ਦਿੱਤਾ। ਇੱਕ ਛੋਟਾ ਜਿਹਾ ਭਾਸ਼ਣ ਦਿੰਦਿਆਂ ਪਿਤਾ ਨੇ ਕਿਹਾ ਕਿ ਮੇਰੀ ਧੀ ਕੋਈ ਜਾਇਦਾਦ ਨਹੀਂ, ਜਿਸ ਦਾ ਦਾਨ ਕੀਤਾ ਜਾਏ।

ਇਹ ਸਾਰੀ ਘਟਨਾ ਅਸਮਿਤਾ ਨਾਂ ਦੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤੀ ਗਈ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਾਫੀ ਬਹਿਸ ਛਿੜ ਗਈ ਹੈ। ਕੁਝ ਲੋਕਾਂ ਨੇ ਇਸ ਦੀ ਸ਼ਲਾਘਾ ਕੀਤੀ ਹੈ ਤੇ ਕੁਝ ਨੇ ਆਲੋਚਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਹਿੰਦੂ ਧਰਮ ਵਿੱਚ ਵਿਆਹ ਵੇਲੇ ਕੰਨਿਆ ਦਾਨ ਦੀ ਰਸਮ ਕਾਫੀ ਅਹਿਮ ਮੰਨੀ ਜਾਂਦੀ ਹੈ। ਪਿਤਾ ਲਈ ਇਸ ਨੂੰ ਮਾਣ ਵਾਲੀ ਗੱਲ ਸਮਝਿਆ ਜਾਂਦਾ ਹੈ।



ਅਸਮਿਤਾ ਨੇ ਲਿਖਿਆ ਕਿ ਉਹ ਮਹਿਲਾ ਪੰਡਿਤ ਨਾਲ ਕਿਸੇ ਵਿਆਹ ਵਿੱਚ ਹੈ। ਇਸ ਮੌਕੇ ਦੁਲਹਨ ਦੇ ਪਿਤਾ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਉਹ ਕੰਨਿਆ ਦਾਨ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਦੀ ਧੀ ਕੋਈ ਪ੍ਰੋਪਰਟੀ ਨਹੀਂ ਹੈ। ਅਸਮਿਤਾ ਨੇ ਕਿਹਾ ਕਿ ਉਹ ਇਸ ਤੋਂ ਕਾਫੀ ਪ੍ਰਭਾਵਿਤ ਹੋਈ ਹੈ। ਹਾਲਾਂਕਿ ਲੜਕੀ ਦੇ ਪਿਤਾ ਨੇ ਇਹ ਫੈਸਲਾ ਅਚਾਨਕ ਨਹੀਂ ਲਿਆ। ਛੇ ਮਹੀਨੇ ਪਹਿਲਾਂ ਹੀ ਲੜਕੀ ਤੇ ਲੜਕੇ ਦੇ ਪਰਿਵਾਰਾਂ ਦਰਮਿਆਨ ਇਸ ਗੱਲ ਲਈ ਆਪਸੀ ਸਹਿਮਤੀ ਬਣ ਗਈ ਸੀ।