ਨਵੀਂ ਦਿੱਲੀ: ਕਸ਼ਮੀਰ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਦੀ ਤੁਲਨਾ ਜਨਰਲ ਡਾਇਰ ਨਾਲ ਕੀਤੀ ਗਈ। ਇਸ ਮਾਮਲੇ 'ਤੇ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਸੁਪਰੀਮ ਕੋਰਟ ਦੇ ਵਕੀਲ ਅਲਖ ਅਲੋਕ ਸ਼੍ਰੀਵਾਸਤਵ ਨੇ ਟਵਿੱਟਰ 'ਤੇ ਸੈਨਾ ਮੁਖੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਤਿਲਕ ਮਾਰਗ ਥਾਣੇ 'ਚ ਸ਼ਿਕਾਇਤ ਦਿੱਤੀ ਗਈ ਹੈ। ਇਹ ਟਵੀਟ ਇੱਕ ਨੌਜਵਾਨ ਪ੍ਰਸ਼ਾਂਤ ਕਨੌਜੀਆ ਦੇ ਟਵਿੱਟਰ ਅਕਾਊਂਟ ਤੋਂ ਕੀਤਾ ਗਿਆ ਹੈ।


ਇਸ ਟਵੀਟ ਵਿੱਚ ਜਨਰਲ ਡਾਇਰ ਤੇ ਬਿਪਿਨ ਰਾਵਤ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਹਨ। ਇੱਕ ਨੂੰ ਕਸ਼ਮੀਰ ਨਾਲ ਤੇ ਦੂਜੇ ਨੂੰ ਜਲ੍ਹਿਆਂਵਾਲਾ ਬਾਗ ਕਾਂਡ ਨਾਲ ਜੋੜਿਆ ਗਿਆ ਹੈ। ਪ੍ਰਸ਼ਾਂਤ ਕਨੌਜੀਆ ਨੇ ਇਸ ਵਿਵਾਦ ਤੋਂ ਬਾਅਦ ਆਪਣਾ ਟਵੀਟ ਹਟਾ ਦਿੱਤਾ ਹੈ, ਹਾਲਾਂਕਿ, ਉਦੋਂ ਤਕ ਇਸ ਨੂੰ ਲਗਪਗ 3 ਹਜ਼ਾਰ ਲੋਕਾਂ ਵੱਲੋਂ ਪਸੰਦ ਤੇ ਰੀਟਵੀਟ ਹੋ ਚੁੱਕਿਆ ਸੀ।

ਸੁਪਰੀਮ ਕੋਰਟ ਦੇ ਵਕੀਲ ਅਲਖ ਅਲੋਕ ਸ਼੍ਰੀਵਾਸਤਵ ਨੇ ਜਾਣਕਾਰੀ ਦਿੱਤੀ ਕਿ ਅੱਜ ਭਾਵੇਂ ਹੜ੍ਹ ਆਵੇ ਜਾਂ ਕੋਈ ਹੋਰ ਸਮੱਸਿਆ ਹੋਵੇ, ਭਾਰਤੀ ਫੌਜ ਹਮੇਸ਼ਾ ਮਦਦ ਕਰਦੀ ਹੈ। ਉਸ ਸਤਿਕਾਰਯੋਗ ਫੌਜ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇੱਕ ਪਾਸੇ ਜਨਰਲ ਡਾਇਰ ਦੀ ਤਸਵੀਰ ਲਾਈ, ਦੂਜੇ ਪਾਸੇ ਆਰਮੀ ਚੀਫ ਬਿਪਿਨ ਰਾਵਤ ਦੀ ਤਸਵੀਰ ਲਾ ਕੇ ਕਸ਼ਮੀਰ ਲਿਖਿਆ, ਇਹ ਬੇਬੁਨਿਆਦ ਤੇ ਝੂਠਾ ਹੈ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ, ਫੌਜ ਵਾਰ-ਵਾਰ ਕਹਿ ਰਹੀ ਹੈ ਕਿ ਅਜਿਹਾ ਕੁਝ ਨਹੀਂ ਹੋਇਆ। ਅਜਿਹੇ ਤੱਤ ਜਲ੍ਹਿਆਂਵਾਲਾ ਬਾਗ ਦੀ ਤੁਲਨਾ ਵਿੱਚ ਗਲਤ ਸੰਦੇਸ਼ ਦਿੰਦੇ ਹਨ ਤੇ ਪਾਕਿਸਤਾਨ ਨੂੰ ਮਜ਼ਾਕ ਉਡਾਉਣ ਦਾ ਮੌਕਾ ਦਿੰਦੇ ਹਨ। ਦੇਸ਼ ਦੇ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਗਿਆ ਹੈ ਤੇ ਇਸ ਦੀ ਸ਼ਿਕਾਇਤ ਤਿਲਕ ਮਾਰਗ ਥਾਣੇ ਨੂੰ ਦਿੱਤੀ ਗਈ ਹੈ। ਇੱਕ ਸ਼ਿਕਾਇਤ ਪ੍ਰੀਤ ਵਿਹਾਰ ਥਾਣੇ ਨੂੰ ਵੀ ਦਿੱਤੀ ਗਈ ਹੈ।