ਚੰਡੀਗੜ੍ਹ: ਜ਼ਿਲ੍ਹਾ ਸ਼ਿਮਲਾ ਵਿੱਚ ਰਾਮਪੁਰ ਦੇ ਪਿੰਡ ਚਿੜਗਾਂਵ ਥਾਣਾ ਖੇਤਰ ਦੇ ਪਿੰਡ ਸੇਰੀਬਾਂਸਾ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਤਿੰਨ ਮਕਾਨ ਸੜ ਕੇ ਸਵਾਹ ਹੋ ਗਏ। ਬੀਤੀ ਰਾਤ ਕਰੀਬ 9 ਵਜੇ ਪਿੰਡ ਦੇ ਇੱਕ ਮਕਾਨ ਵਿੱਚ ਅੱਗ ਲੱਗ ਗਈ ਸੀ ਜਿਸ ਨੇ ਨਾਲ ਲੱਗਦੇ ਦੋ ਹੋਰ ਮਕਾਨਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਇਹ ਤਿੰਨੋਂ ਮਕਾਨ ਲੱਕੜੀ ਦੇ ਬਣੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਹੋਣ ਕਰਕੇ ਲੱਗੀ।

ਅੱਗ ਲੱਗਣ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ ਪਰ ਕਰੀਬ ਇੱਕ ਕਰੋੜ ਦੀ ਜਾਇਦਾਦ ਦਾ ਨੁਕਸਾਨ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਪੂਰੇ ਪਿੰਡ ਨੂੰ ਵੀ ਅੱਗ ਲੱਗਣ ਦਾ ਖ਼ਤਰਾ ਹੋ ਗਿਆ ਜਿਸ ਕਰਕੇ ਅਫ਼ਰਾ-ਤਫ਼ਰੀ ਵਰਗਾ ਮਾਹੌਲ ਬਣ ਗਿਆ। ਲੋਕਾਂ ਨੇ ਭੱਜ ਕੇ ਆਪਣੀ  ਜਾਨ ਬਚਾਈ। ਕੁਝ ਪਸ਼ੂਆਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਗਿਆ।

ਘਟਨਾ ਦੀ ਸੂਚਨਾ ਮਿਲਣ ਬਾਅਦ ਤਿੰਨ ਅੱਗ ਬੁਝਾਊ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਪਰ ਪਿੰਡ ਵਿੱਚ ਸੜਕ ਦੀ ਸੁਵਿਧਾ ਨਾ ਹੋਣ ਕਰਕੇ ਗੱਡੀਆਂ ਸਮੇਂ ਸਿਰ ਪਹੁੰਚ ਨਹੀਂ ਸਕੀਆਂ। ਇਸ ਵਜ੍ਹਾ ਕਰਕੇ ਅੱਗ ਬੁਝਾਉਣ ਲਈ ਪਾਈਪ ਵਿਛਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਅੱਗ ਲੱਗਣ ਨਾਲ ਮੰਗਤ ਰਾਮ, ਫੁਲਪਤੀ, ਸੁਸ਼ੀਲ, ਅਨਿਲ, ਸ਼ਰਣ ਦਾਸ ਤੇ ਮਨਜੀਤ ਬੇਘਰ ਹੋ ਗਏ ਹਨ।