ਮੁੰਬਈ: ਸਥਾਨਕ ਚੇਂਬੂਰ ਇਲਾਕੇ ਵਿੱਚ ਵੀਰਵਾਰ ਨੂੰ 16 ਮੰਜ਼ਿਲਾ ਇਮਾਰਤ ਦੀ 10ਵੀਂ ਮੰਜ਼ਲ ’ਤੇ ਅੱਗ ਲੱਗ ਗਈ। ਘਟਨਾ ਵਿੱਚ 4 ਬਜ਼ੁਰਗਾਂ ਸਮੇਤ 5 ਜਣਿਆਂ ਦੀ ਮੌਤ ਹੋ ਗਈ। ਦੋ ਜਣੇ ਜ਼ਖ਼ਮੀ ਹੋਏ ਹਨ। ਤਿਲਕ ਨਗਰ ਦੇ ਗਣੇਸ਼ ਗਾਰਡਨ ਸਥਿਤ ਸਰਗਮ ਸੋਸਾਇਟੀ ਵਿੱਚ ਕਰੀਬ ਸਾਢੇ ਸੱਤ ਵਜੇ ਘਟਨਾ ਵਾਪਰੀ। ਰਾਤ ਦੇ ਕਰੀਬ ਇੱਕ ਵਜੇ ਤਕ ਅੱਗ ਬਝਾਊ ਦਸਤਿਆਂ ਦੀਆਂ 8 ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ।
ਚੀਫ ਫਾਇਰ ਅਫ਼ਸਰ ਵੀਐਨ ਪਾਣਿਗ੍ਰਾਹੀ ਨੇ ਦੱਸਿਆ ਕਿ ਕਰੀਬ ਸਾਢੇ ਸੱਤ ਵਜੇ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਦੀ ਵਜ੍ਹਾ ਕਰਕੇ ਲੱਗੀ। ਕੁਝ ਦਿਨ ਪਹਿਲਾਂ ਹੀ ਮੁੰਬਈ ਵਿੱਚ ਅੰਧੇਰੀ ਸਥਿਤ ਈਐਸਆਈਸੀ ਹਸਪਤਾਲ ਵਿੱਚ ਵੀ ਅੱਗ ਲੱਗੀ ਸੀ ਜਿਸ ਵਿੱਚ 8 ਜਣਿਆਂ ਦੀ ਮੌਤ ਹੋ ਗਈ ਸੀ।