ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਅੱਗ ਨੇ ਕਹਿਰ ਵਰਤਾਇਆ। ਦਿੱਲੀ ਦੀ ਅਨਾਜ ਮੰਡੀ 'ਚ ਅੱਗ ਲੱਗਣ ਨਾਲ 43 ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਿੱਚ 50 ਸਾਲ ਬਾਅਦ ਇੰਨੀ ਭਿਆਨਕ ਅੱਗ ਲੱਗੀ ਹੈ। ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ 'ਚ ਅੱਗ ਲੱਗਣ ਵਾਲੀ ਥਾਂ 'ਤੇ ਰਾਹਤ ਤੇ ਬਚਾਅ ਮੁਹਿੰਮ ਚਲਾਉਣ ਲਈ ਐਨਡੀਆਰਐਫ ਦੀ ਟੀਮ ਪਹੁੰਚ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਅਨਾਜ ਮੰਡੀ ਦੀ 4 ਮੰਜ਼ਲਾਂ ਫੈਕਟਰੀ 'ਚ ਅੱਗ ਲੱਗ ਗਈ।
ਪੁਲਿਸ ਨੇ ਦੱਸਿਆ ਕਿ ਬੈਗ ਬਣਾਉਣ ਵਾਲੀ ਫੈਕਟਰੀ ਘਰ ਵਿੱਚ ਚੱਲ਼ ਰਹੀ ਸੀ। ਇੱਥੇ ਹੀ ਰਾਤ ਨੂੰ ਮਜ਼ਦੂਰ ਸੁੱਤੇ ਹੋਏ ਸੀ। ਇਹ ਜ਼ਿਆਦਾਤਰ ਬਿਹਾਰ ਦੇ ਸੀ। ਬਹੁਤਿਆਂ ਦੀ ਮੌਤ ਦਮ ਘੁਟਣ ਨਾਲ ਹੋਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰ ਅਮਿਤ ਸ਼ਾਹ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਮੋਦੀ ਨੇ ਟਵੀਟ ਕਰਕੇ ਕਿਹਾ, ''ਰਾਣੀ ਝਾਂਸੀ ਰੋਡ 'ਤੇ ਦਿੱਲੀ ਦੀ ਅਨਾਜ ਮੰਡੀ 'ਚ ਲੱਗੀ ਅੱਗ ਬਹੁਤ ਭਿਆਨਕ ਹੈ। ਮੇਰੀ ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹੈ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਇਸ ਘਟਨਾ 'ਚ ਗਵਾ ਦਿੱਤਾ। ਜ਼ਖ਼ਮੀਆਂ ਦੇ ਜਲਦੀ ਹੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ। ਅਧਿਕਾਰੀ ਘਟਨਾ ਵਾਲੀ ਥਾਂ 'ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।''