ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਰੋਲ ਬਾਗ਼ ਇਲਾਕੇ ਦੇ ਬੀੜਨਪੁਰਾ 'ਚ ਸੋਮਵਾਰ ਦੁਪਹਿਰ ਫੈਕਟਰੀ ਅੱਗ ਦੀ ਭੇਟ ਚੜ੍ਹ ਗਈ। ਇਸ ਦੁਰਘਟਨਾ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹਨ। ਚਾਰਾਂ ਦੀ ਮੌਤ ਸਮਾਂ ਰਹਿੰਦੇ ਇਮਾਰਤ 'ਚੋਂ ਨਾ ਨਿਕਲਣ ਕਾਰਨ ਹੋਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਦੁਪਹਿਰ ਸਮੇਂ ਅੱਗ ਲੱਗਣ ਤੋਂ ਬਾਅਦ ਜਦ ਲੋਕ ਬਾਹਰ ਜਾਣ ਲੱਗੇ ਤਾਂ ਇੱਕ ਮੋਟਾ ਵਿਅਕਤੀ ਬਾਹਰ ਜਾਣ ਵਾਲੇ ਇਕਲੌਤੇ ਦਰਵਾਜ਼ੇ ਵਿੱਚ ਫਸ ਗਿਆ, ਜਿਸ ਕਾਰਨ ਬਾਕੀਆਂ ਦੇ ਬਾਹਰ ਜਾਣ ਨੂੰ ਥਾਂ ਨਹੀਂ ਮਿਲੀ ਤੇ ਸਾਹ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬਗ਼ਾਨ ਪ੍ਰਸਾਦ (55), ਆਰ.ਐਮ. ਨਰੇਸ਼ (40), ਆਸ਼ਾ (40) ਤੇ ਆਰਤੀ (20) ਵਜੋਂ ਹੋਈ ਹੈ।


ਫੈਕਟਰੀ 'ਚ ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੀਆਂ ਗਈਆਂ। ਅੱਗ ਬੁਝਾਊ ਦਸਤਿਆਂ ਨੇ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਸ਼ੁਰੂਆਤੀ ਜਾਂਚ ਮੁਤਾਬਕ ਕੈਮੀਕਲ ਡਿੱਗਣ ਕਾਰਨ ਅੱਗ ਲੱਗੀ ਹੈ।

ਹਾਲਾਂਕਿ ਇਸ ਗੱਲ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਕਰੋਲ ਬਾਗ਼ ਇਲਾਕਾ ਬੇਹੱਦ ਸੰਘਣੀ ਆਬਾਦੀ ਵਾਲਾ ਹੈ, ਜੇਕਰ ਫਾਇਰ ਬ੍ਰਿਗੇਡ ਮੁਲਾਜ਼ਮ ਫੁਰਤੀ ਨਾ ਦਿਖਾਉਂਦੇ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ।