ਮੈਡੀਕਲ ਕਾਲਜ 'ਚ ਲੱਗੀ ਜ਼ਬਰਦਸਤ ਅੱਗ, 250 ਮਰੀਜ਼ ਬਚਾਏ
ਏਬੀਪੀ ਸਾਂਝਾ | 03 Oct 2018 10:49 AM (IST)
ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਮੈਡੀਕਲ ਕਾਲਜ ਵਿੱਚ ਬੁੱਧਵਾਰ ਸਵੇਰ ਜ਼ਬਰਦਸਤ ਅੱਗ ਲੱਗ ਗਈ। ਹਸਪਤਾਲ ਦੇ ਫਾਰਮੇਸੀ ਵਿਭਾਗ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ ਕਾਫੀ ਹੋਣ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਅੱਗ 'ਤੇ ਕਾਬੂ ਪਾਉਣ ਦੇ ਯਤਨਾਂ ਦੇ ਨਾਲ-ਨਾਲ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਵੱਡੀ ਚੁਣੌਤੀ ਸੀ, ਕਿਉਂਕਿ ਅੱਗ ਦਾ ਧੂੰਆਂ ਮਰੀਜ਼ਾਂ ਲਈ ਜਾਨਲੇਵਾ ਹੋ ਸਕਦਾ ਸੀ। ਰਾਹਤ ਤੇ ਬਚਾਅ ਕਾਰਜ ਟੀਮ ਨੇ ਘੱਟੋ-ਘੱਟ 250 ਲੋਕਾਂ ਨੂੰ ਅੱਗ ਵਾਲੇ ਬਲਾਕ ਤੋਂ ਦੂਰ ਕੀਤਾ। ਜਦਕਿ, ਕਈ ਮਰੀਜ਼ ਹਸਪਤਾਲ ਦੇ ਬਾਹਰ ਖੁੱਲ੍ਹੇ ਅਸਮਾਨ ਹੇਠ ਬੈਠੇ ਦੇਖੇ ਗਏ। ਅੱਗ ਲੱਗਣ ਦੇ ਠੋਸ ਕਾਰਨ ਹਾਲੇ ਤਕ ਸਾਫ ਨਹੀਂ ਹੋ ਸਕਦੇ। ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਅੱਠ ਵਜੇ ਫਾਰਮੇਸੀ ਵਿਭਾਗ ਵਿੱਚ ਅੱਗ ਲੱਗੀ ਸੀ। ਅੱਗ ਤੇਜ਼ੀ ਨਾਲ ਫੈਲਦੀ ਵੇਖ ਕਈ ਮਰੀਜ਼ਾਂ ਨੇ ਹਪਤਾਲ ਦੀਆਂ ਖਿੜਕੀਆਂ ਤੋਂ ਛਾਲਾਂ ਮਾਰ ਦਿੱਤੀਆਂ।