ਸੋਨੀਪਤ: ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਸੋਨੀਪਤ ਵਿੱਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਕਾਨੂੰਨ ਵਿਵਸਥਾ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਖੁੱਲ੍ਹੇਆਮ ਚੁਣੌਤੀ ਦਿੰਦੇ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲੇ ‘ਚ ਬਦਮਾਸ਼ਾਂ ਨੇ ਸੋਮਵਾਰ ਰਾਤ ਗੋਹਾਨਾ ਵਿੱਚ ਵੱਡੀ ਘਟਨਾ ਨੂੰ ਅੰਜਾਮ ਦਿੱਤਾ। ਬਦਮਾਸ਼ਾਂ ਨੇ ਬੜੌਦਾ ਥਾਣੇ ਅਧੀਨ ਪੈਂਦੇ ਪਿੰਡ ਬੁਟਾਣਾ ਵਿੱਚ ਪੁਲਿਸ ਚੌਕੀ ਦੇ ਦੋ ਮੁਲਾਜ਼ਮਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੁਲਾਜ਼ਮਾਂ ਉੱਪਰ ਗੋਲੀ ਵੀ ਚਲਾਈ ਗਈ। ਇਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਬਦਮਾਸ਼ਾਂ ਨੇ ਚੌਕੀ ਤੋਂ ਥੋੜ੍ਹੀ ਦੂਰੀ ‘ਤੇ ਬੰਦ ਹਰਿਆਲੀ ਕੇਂਦਰ ਨੇੜੇ ਘਟਨਾ ਨੂੰ ਅੰਜਾਮ ਦਿੱਤਾ।


ਇਸ ਦੇ ਨਾਲ ਹੀ ਮੰਗਲਵਾਰ ਸਵੇਰੇ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਏਐਸਪੀ ਉਦੈ ਸਿੰਘ ਮੀਨਾ ਸਮੇਤ ਕਈ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਬਦਮਾਸ਼ਾਂ ਦਾ ਪਤਾ ਲਾਉਣ ਲਈ ਸਾਰੇ ਥਾਣਿਆਂ ਵਿੱਚ ਜਾਣਕਾਰੀ ਦਿੱਤੀ ਹੈ।



ਹਾਸਲ ਹੋਈ ਜਾਣਕਾਰੀ ਮੁਤਾਬਕ, ਬੁਟਾਣਾ ਚੌਕੀ ਵਿੱਚ ਤਾਇਨਾਤ ਐਸਪੀਓ ਕਪਤਾਨ ਤੇ ਹੌਲਦਾਰ ਰਵੀਂਦਰ ਸੋਮਵਾਰ ਦੀ ਰਾਤ ਕਰੀਬ 12 ਵਜੇ ਚੌਕੀ ਤੋਂ ਗਸ਼ਤ ਲਈ ਰਵਾਨਾ ਹੋਏ। ਅਣਪਛਾਤੇ ਬਦਮਾਸ਼ਾਂ ਨੇ ਚੌਕੀ ਤੋਂ ਲਗਪਗ 500 ਮੀਟਰ ਦੀ ਦੂਰੀ 'ਤੇ ਬੰਦ ਹਰਿਆਲੀ ਕੇਂਦਰ ਨੇੜੇ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਮਾਰ ਦਿੱਤੀ।

ਦੋਵਾਂ ਪੁਲਿਸ ਮੁਲਾਜ਼ਮਾਂ ਦੇ ਕਤਲ ਦੀ ਖ਼ਬਰ ਉਦੋਂ ਮਿਲੀ ਜਦੋਂ ਉਨ੍ਹਾਂ ਦੀਆਂ ਲਾਸ਼ਾਂ ਮੰਗਲਵਾਰ ਸਵੇਰੇ ਸੜਕ ਕਿਨਾਰੇ ਪਈਆਂ ਮਿਲੀਆਂ। ਸੂਚਨਾ ਮਿਲਦੇ ਹੀ ਥਾਣਾ ਬੜੌਦਾ ਦੇ ਐਸਐਚਓ ਜਸ਼ਨਦੀਪ ਸਿੰਘ ਰੰਧਾਵਾ ਸਮੇਤ ਵੱਖ-ਵੱਖ ਥਾਣਿਆਂ ਤੇ ਅਪਰਾਧ ਜਾਂਚ ਏਜੰਸੀ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਅਧਿਕਾਰੀ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਘਟਨਾ ਦੀ ਜਾਂਚ ਕਰ ਰਹੇ ਹਨ।

ਦੱਸ ਦਈਏ ਕਿ ਬਦਮਾਸ਼ਾਂ ਨੇ ਦੋਵਾਂ ਪੁਲਿਸ ਮੁਲਾਜ਼ਮਾਂ ‘ਤੇ ਲਗਾਤਾਰ ਗੋਲੀਆਂ ਚਲਾਈਆਂ। ਐਸਪੀਓ ਕਪਤਾਨ ਨੂੰ ਪੰਜ ਗੋਲੀਆਂ ਮਾਰੀਆਂ ਗਈਆਂ ਹਨ ਜਦਕਿ ਹੌਲਦਾਰ ਨੂੰ ਚਾਰ ਗੋਲੀਆਂ ਲੱਗੀਆਂ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੂੰ ਮੰਗਲਵਾਰ ਤੜਕੇ ਸਾਢੇ ਪੰਜ ਵਜੇ ਇਸ ਘਟਨਾ ਬਾਰੇ ਪਤਾ ਲੱਗਿਆ, ਜਿਸ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚਣੇ ਸ਼ੁਰੂ ਹੋ ਗਏ। ਅਧਿਕਾਰੀਆਂ ਨੇ ਉਨ੍ਹਾਂ ਦੇ ਵੱਖ-ਵੱਖ ਸਰੋਤਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904