Panchkula Hotel Firing Case: ਪੰਚਕੂਲਾ ਦੇ ਹੋਟਲ ਵਿੱਚ ਜਨਮ ਦਿਨ ਪਾਰਟੀ ਦੌਰਾਨ ਫਾਈਰਿੰਗ ਕਰਕੇ ਦੋ ਨੌਜਵਾਨਾਂ ਤੇ ਇੱਕ ਲੜਕੀ ਦੇ ਕਤਲ ਨੇ ਇਲਾਕੇ ਵਿੱਚ ਦਹਿਸ਼ਤ ਮਚਾ ਦਿੱਤੀ ਹੈ। ਚੰਡੀਗੜ੍ਹ ਦੀਆਂ ਜੜ੍ਹਾਂ ਵਿੱਚ ਵਾਪਰੀ ਇਸ ਘਟਨਾ ਨੂੰ ਪੁਲਿਸ ਗੈਂਗਵਾਰ ਨਾਲ ਜੋੜ ਕੇ ਵੇਖ ਰਹੀ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਮੰਨਿਆ ਜਾ ਰਿਹਾ ਹੈ ਕਿ ਹਮਲਾਵਰਾਂ ਦਾ ਨਿਸ਼ਾਨਾ ਵਿੱਕੀ ਸੀ। ਵਿੱਕੀ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਉਸ ਖ਼ਿਲਾਫ਼ ਪੰਚਕੂਲਾ ਦੇ ਸੈਕਟਰ 20 ਥਾਣੇ ਵਿੱਚ ਵੀ ਕੇਸ ਚੱਲ ਰਿਹਾ ਹੈ। ਅਜਿਹੇ 'ਚ ਪੁਲਿਸ ਨੂੰ ਲੱਗਦਾ ਹੈ ਕਿ ਇਹ ਗੈਂਗਵਾਰ ਹੋ ਸਕਦੀ ਹੈ। ਪੁਲਿਸ ਨੇ ਅਣਪਛਾਤੇ ਹਮਲਾਵਰਾਂ ਦੀ ਸ਼ਨਾਖ਼ਤ ਤੇ ਗ੍ਰਿਫ਼ਤਾਰੀ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਦੱਸ ਦਈਏ ਕਿ ਚੰਡੀਗੜ੍ਹ ਤੇ ਜ਼ੀਰਕਪੁਰ ਨਾਲ ਲੱਗਦੇ ਪੰਚਕੂਲਾ ਵਿੱਚ ਸੋਮਵਾਰ ਤੜਕੇ 3 ਵਜੇ ਇੱਕ ਹੋਟਲ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਪਾਰਕਿੰਗ ਵਿੱਚ ਜ਼ਬਰਦਸਤ ਫਾਇਰਿੰਗ ਹੋਈ। ਇਸ ਦੌਰਾਨ ਦਿੱਲੀ ਦੇ ਦੋ ਨੌਜਵਾਨਾਂ ਤੇ ਨਵੀਂ ਸਕਾਰਪੀਓ ਕਾਰ ਵਿੱਚ ਬੈਠੀ ਹਿਸਾਰ ਕੈਂਟ ਦੀ ਇੱਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤਿੰਨਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ। ਤਿੰਨੇ ਮ੍ਰਿਤਕ ਪਿੰਜੌਰ ਵਿੱਚ ਮੋਰਨੀ ਰੋਡ ਸਥਿਤ ਬੁਰਜਕੋਟੀਆ ਰੋਡ 'ਤੇ ਇੱਕ ਹੋਟਲ 'ਚ ਜਨਮ ਦਿਨ ਪਾਰਟੀ 'ਚ ਸ਼ਾਮਲ ਹੋਣ ਲਈ ਆਏ ਸਨ। ਪੁਲਿਸ ਅਨੁਸਾਰ ਮਰਨ ਵਾਲੇ ਦੋਵੇਂ ਨੌਜਵਾਨ ਮਾਮਾ-ਭਾਣਜਾ ਸਨ।
ਪੁਲਿਸ ਮੁਤਾਬਕ ਮ੍ਰਿਤਕ ਨੌਜਵਾਨਾਂ ਤੇ ਲੜਕੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਪੰਚਕੂਲਾ ਹਸਪਤਾਲ 'ਚ ਰਖਵਾਇਆ ਗਿਆ ਹੈ। ਘਟਨਾ ਤੋਂ ਬਾਅਦ ਹੋਟਲ ਮੈਨੇਜਰ ਤੇ ਸਟਾਫ ਉਥੋਂ ਫਰਾਰ ਹੋ ਗਿਆ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਜ਼ੀਰਕਪੁਰ ਦੇ ਰਹਿਣ ਵਾਲੇ ਰੋਹਿਤ ਭਾਰਦਵਾਜ ਨੇ ਪੰਚਕੂਲਾ ਦੇ ਪਿੰਜੌਰ ਸਥਿਤ ਹੋਟਲ ਸਲਤਨਤ 'ਚ ਆਪਣੇ ਜਨਮ ਦਿਨ 'ਤੇ ਪਾਰਟੀ ਰੱਖੀ ਸੀ। ਇਸ ਪਾਰਟੀ ਵਿੱਚ ਉਸ ਨੇ ਆਪਣੇ 8-10 ਦੋਸਤਾਂ (ਲੜਕੇ ਤੇ ਲੜਕੀਆਂ) ਨੂੰ ਵੀ ਬੁਲਾਇਆ ਸੀ। ਹੋਟਲ ਦੇ ਅੰਦਰ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ।
ਇਸ ਦੌਰਾਨ ਰੋਹਿਤ ਦਾ ਦਿੱਲੀ ਤੋਂ ਆਇਆ ਦੋਸਤ ਵਿੱਕੀ, ਉਸ ਦਾ ਭਾਣਜਾ ਵਿਨੀਤ ਤੇ ਵਿੱਕੀ ਦੀ ਦੋਸਤ ਨੀਆ ਪਾਰਕਿੰਗ ਵਿੱਚ ਸਕਾਰਪੀਓ ਕਾਰ ਵਿੱਚ ਬੈਠੇ ਸਨ। ਇਸ ਦੌਰਾਨ ਹਮਲਾਵਰ ਇੱਕ ਇਟੀਓਸ ਕਾਰ ਵਿੱਚ ਉੱਥੇ ਪਹੁੰਚੇ ਤੇ ਤੇਜ਼ੀ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਕਰੀਬ 15 ਤੋਂ 16 ਰਾਉਂਡ ਫਾਇਰ ਕੀਤੇ ਜਿਸ ਵਿੱਚ ਵਿੱਕੀ, ਵਿਨੀਤ ਤੇ ਨੀਆ ਦੀ ਮੌਤ ਹੋ ਗਈ। ਵਿੱਕੀ ਨੂੰ 7 ਤੋਂ 8 ਗੋਲੀਆਂ ਲੱਗੀਆਂ।
ਹੋਟਲ ਦੇ ਬਾਹਰ ਪਾਰਕਿੰਗ ਵਿੱਚ 3 ਵਿਅਕਤੀਆਂ ਦੇ ਕਤਲ ਦੀ ਸੂਚਨਾ ਮਿਲਦਿਆਂ ਹੀ ਡੀਸੀਪੀ ਮੁਕੇਸ਼ ਮਲਹੋਤਰਾ, ਡੀਸੀਪੀ ਮਨਪ੍ਰੀਤ ਸੂਦਨ, ਡੀਐਸਪੀ ਕਾਲਕਾ ਤੇ ਚੌਕੀ ਇੰਚਾਰਜ ਅਮਰਾਵਤੀ ਤੁਰੰਤ ਮੌਕੇ ’ਤੇ ਪੁੱਜੇ। ਹਾਲਾਂਕਿ ਉਦੋਂ ਤੱਕ ਹੋਟਲ ਸਟਾਫ ਤੇ ਮੈਨੇਜਰ ਉਥੋਂ ਫਰਾਰ ਹੋ ਚੁੱਕੇ ਸਨ। ਪੁਲਿਸ ਪੂਰੀ ਘਟਨਾ ਦੀ ਜਾਣਕਾਰੀ ਹਾਸਲ ਕਰ ਰਹੀ ਹੈ। ਇਸ ਤੋਂ ਇਲਾਵਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹੋਟਲ ਮੈਨੇਜਰ ਤੇ ਹੋਰ ਸਟਾਫ਼ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੰਚਕੂਲਾ ਦੇ ਸੈਕਟਰ-6 ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਮੌਕੇ 'ਤੇ ਪੁਲਿਸ ਡਿਪਟੀ ਕਮਿਸ਼ਨਰ ਹਿਮਾਦਰੀ ਕੌਸ਼ਿਕ, ਏਸੀਪੀ ਅਰਵਿੰਦ ਕੰਬੋਜ ਤੇ ਕ੍ਰਾਈਮ ਬ੍ਰਾਂਚ ਦੀ ਟੀਮ ਮੌਜੂਦ ਸੀ। ਮ੍ਰਿਤਕ ਦੇ ਦੋਸਤਾਂ ਤੇ ਪਾਰਟੀ ਵਿੱਚ ਸ਼ਾਮਲ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਿੰਜੌਰ ਦੇ ਹੋਟਲ ਸਲਤਨਤ 'ਚ ਘਟਨਾ ਸਮੇਂ ਮੌਜੂਦ ਮੋਹਿਤ ਨੇ ਦੱਸਿਆ ਕਿ ਚਿੱਟੇ ਰੰਗ ਦੀ ਇਟੀਓਸ ਕਾਰ 'ਚ ਤਿੰਨ ਲੜਕੇ ਆਏ ਸਨ। ਜਿਵੇਂ ਹੀ ਉਹ ਪਹੁੰਚੇ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਉਹ ਜਨਮ ਦਿਨ ਦੀ ਪਾਰਟੀ 'ਚ ਆਏ ਸਨ ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਬਾਹਰ ਆ ਗਏ। ਉਨ੍ਹਾਂ ਨੂੰ ਨਹੀਂ ਪਤਾ ਕਿ ਗੋਲੀਆਂ ਕਿਸ ਨੇ ਚਲਾਈਆਂ। ਵਿੱਕੀ ਨੂੰ ਕਈ ਗੋਲੀਆਂ ਲੱਗੀਆਂ। ਉਸ ਨੇ ਦੱਸਿਆ ਕਿ ਵਿੱਕੀ ਤੇ ਵਿਨੀਤ ਦਿੱਲੀ ਦੇ ਰਹਿਣ ਵਾਲੇ ਹਨ ਤੇ ਲੜਕੀ ਹਿਸਾਰ ਦੀ ਰਹਿਣ ਵਾਲੀ ਹੈ।